ਡਾਕਘਰ ਨੇੜੇ ਗੰਦਗੀ ਤੋਂ ਲੋਕ ਪ੍ਰੇਸ਼ਾਨ
ਨਗਰ ਕੌਂਸਲ ਦੇ ਮੁੱਖ ਡਾਕਘਰ ਨੇੜਿਓਂ ਲੰਘਦੀ ਸੜਕ ’ਤੇ ਸੁੱਟੀ ਜਾਂਦੀ ਗੰਦਗੀ ਕਾਰਨ ਲੋਕ ਅਤੇ ਡਾਕਘਰ ਦੇ ਮੁਲਾਜ਼ਮ ਪ੍ਰੇਸ਼ਾਨ ਹਨ। ਇਸ ਸੜਕ ’ਤੇ ਦਿਨ ਭਰ ਆਵਾਜਾਈ ਰਹਿੰਦੀ ਹੈ| ਇਸ ਸੜਕ ਦੇ ਨਾਲ ਜਿਥੇ ਇਲਾਕੇ ਦਾ ਮੁੱਖ ਡਾਕਘਰ ਹੈ ਉਥੇ ਸੜਕ ਦੇ ਨਾਲ ਹੀ ਦੂਸਰੇ ਪਾਸੇ ਟੈਲੀਫੋਨ ਐਕਸਚੈਂਗ ਵੀ ਹੈ, ਜਿਸ ਕਰਕੇ ਸੜਕ ਤੋਂ ਡਾਕਘਰ ਦੇ ਗਾਹਕਾਂ ਤੋਂ ਇਲਾਵਾ ਲੋਕਾਂ ਦਾ ਆਉਣ-ਜਾਣ ਰਹਿੰਦਾ ਹੈ| ਗੰਦਗੀ ਦੀ ਬੁਦਬੂ ਤੋਂ ਆਮ ਲੋਕਾਂ ਨੂੰ ਡਾਢੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ| ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਬੀਰ ਸਿੰਘ ਠੇਕੇਦਾਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਮੱਸਿਆ ਦਾ ਹੱਲ ਕਰਨ ਲਈ ਕੌਂਸਲ ਦੇ ਅਧਿਕਾਰੀਆਂ ਨੂੰ ਮਿਲ ਕੇ ਬੇਨਤੀ ਕੀਤੀ ਹੈ ਪਰ ਇਕ-ਅੱਧਾ ਦਿਨ ਇਥੇ ਸਫਾਈ ਕਰਵਾ ਕੇ ਹਾਲਤ ਫਿਰ ਤੋਂ ਉਸੇ ਤਰ੍ਹਾਂ ਦੀ ਬਣ ਜਾਂਦੀ ਹੈ| ਗੰਦਗੀ ਵਿੱਚੋਂ ਖਾਣਾ ਲੱਭਣ ਲਈ ਆਵਾਰਾ ਕੁੱਤਿਆਂ ਦੇ ਆ ਜਾਣ ਕਾਰਨ ਰਾਹਗੀਰਾਂ ਲਈ ਹੋਰ ਵੀ ਖੌਫ਼ ਬਣਿਆ ਰਹਿੰਦਾ ਹੈ| ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ (ਈ ਓ) ਕਮਲਜੀਤ ਸਿੰਘ ਨੇ ਸੰਪਰਕ ਕਰਨ ’ਤੇ ਸਵੀਕਾਰ ਕੀਤਾ ਕਿ ਇਸ ਸਮੱਸਿਆ ਨੇ ਉਨ੍ਹਾਂ ਖੁਦ ਲਈ ਵੀ ਗੰਭੀਰ ਸਮੱਸਿਆ ਖੜ੍ਹੀ ਕੀਤੀ ਹੋਈ ਹੈ| ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਲੋਕਾਂ ਦੇ ਘਰਾਂ ਤੋਂ ਕੂੜਾ ਚੁੱਕਣ ਦੇ ਬੰਦੋਬਸਤ ਕੀਤੇ ਹਨ ਪਰ ਲੋਕ ਫਿਰ ਵੀ ਇਥੇ ਕੂੜਾ ਸੁੱਟ ਜਾਂਦੇ ਹਨ| ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਖਿਲਾਫ਼ ਉਹ ਸਖਤ ਕਾਰਵਾਈ ਕੀਤੀ ਜਾਵੇਗੀ।
