ਪ੍ਰਸ਼ਾਸਨ ਨਾਲ ਲੋਕ ਧੈਂਗੜਪੁਰ ਬੰਨ੍ਹ ਦੀ ਮਜ਼ਬੂਤੀ ’ਚ ਜੁਟੇ
ਬਹਾਦਰਜੀਤ ਸਿੰਘ/ਸੁਰਜੀਤ ਮਜਾਰੀ
ਧੈਂਗੜਪੁਰ ’ਚ ਪਿਛਲੇ 48 ਘੰਟਿਆਂ ਤੋਂ ਸਤਲੁਜ ਬੰਨ੍ਹ ਨੂੰ ਲੋਕਾਂ ਦੀ ਮਦਦ ਨਾਲ ਮਜ਼ਬੂਤ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਅੱਜ ਸਵੇਰ ਤੋਂ ਹੀ ਧੈਂਗੜਪੁਰ ਵਿੱਚ ਸਤਲੁਜ ਬੰਨ੍ਹ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਸੋਮਵਾਰ ਰਾਤ ਨੂੰ ਪਾਣੀ ਦਾ ਪੱਧਰ 1.25 ਲੱਖ ਕਿਊਸਿਕ ਤੋਂ ਵੱਧ ਜਾਣ ਉਪਰੰਤ ਬੰਨ੍ਹ ਨੂੰ ਢਾਹ ਲੱਗ ਗਈ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪਾਣੀ ਦਾ ਪੱਧਰ 70,000 ਹਜ਼ਾਰ ਕਿਊਸਿਕ ਤੋਂ ਵੱਧ ਹੈ ਅਤੇ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ। ਉਨ੍ਹਾਂ ਦੱਸਿਆ ਕਿ ਲਗਾਤਾਰ ਪੈ ਰਹੇ ਮੀਂਹ ਅਤੇ ਪਿੱਛੋਂ ਆ ਰਹੇ ਪਾਣੀ ਨਾਲ ਤੜਕਸਾਰ ਇੱਕ ਵਾਰ ਪਾਣੀ ਦਾ ਪੱਧਰ ਵੱਧ ਜਾਣ ਨਾਲ ਧੈਂਗੜਪੁਰ ਵਿਖੇ ਬੰਨ੍ਹ ਨੂੰ ਥੋੜ੍ਹੀ ਢਾਹ ਲੱਗੀ ਸੀ ਜਿਸ ਨੂੰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਮੇਂ ਸਿਰ ਰੋਕ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਲਾ ਕੇ ਵੱਖ-ਵੱਖ ਪਿੰਡਾਂ ਦੇ ਲੋਕ ਬੰਨ੍ਹ ਦੀ ਮਜ਼ਬੂਤੀ ਲਈ ਡਟੇ ਹੋਏ ਹਨ। ੳੇਨ੍ਹਾਂ ਦੱਸਿਆ ਕਿ ਸਮਾਜਿਕ ਸੰਸਥਾਵਾਂ ਵੱਲੋਂ ਧੈਂਗੜਪੁਰ ਵਿਖੇ ਲੰਗਰ, ਸਿਹਤ ਤੇ ਹੋਰ ਸੇਵਾਵਾਂ ਮੁਹੱਈਆ ਕਰਵਾਈਆਂ। ਡੀਸੀ ਨੇ ਸਪੱਸ਼ਟ ਕੀਤਾ ਕਿ ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ਨਾਲ ਜ਼ਿਲ੍ਹੇ ਵਿਚ ਫਿਲਹਾਲ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਪਰ ਫਿਰ ਵੀ ਪ੍ਰਸ਼ਾਸਨ ਨੇ ਭਾਰਤੀ ਫੌਜ ਦੇ ਇੰਜਨੀਅਰਿੰਗ ਵਿੰਗ ਨਾਲ ਰਾਬਤਾ ਕਾਇਮ ਕਰ ਲਿਆ ਹੈ ਜੇਕਰ ਲੋੜ ਪੈਂਦੀ ਹੈ ਤਾਂ ਫੌਜ ਦੀ ਟੀਮ ਮੌਕੇ ‘ਤੇ ਪਹੁੰਚ ਜਾਵੇਗੀ।
ਲੋਕਾਂ ਦੇ ਮੁੜ ਵਸੇਬੇ ਲਈ ਯੋਜਨਾਬੰਦੀ ਦੇ ਹੁਕਮ
ਕਪੂਰਥਲਾ (ਜਸਬੀਰ ਸਿੰਘ ਚਾਨਾ): ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਬਚਾਅ ਤੇ ਰਾਹਤ ਕਾਰਜਾਂ ਦੇ ਕੰਮ ਦਾ ਜਾਇਜ਼ਾ ਲੈਣ ਲਈ ਸਰਕਾਰ ਵੱਲੋਂ ਬਣਾਈ ਕਮੇਟੀ ਦੇ ਮੈਂਬਰ ਆਈਏਐਸ ਕਮਲ ਕਿਸ਼ੋਰ ਯਾਦਵ ਤੇ ਵਰੁਣ ਰੂਜਮ ਨੇ ਅੱਜ ਸੁਲਤਾਨਪੁਰ ਲੋਧੀ ਪਹੁੰਚ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਯਾਦਵ ਨੇ ਰਾਹਤ ਕਾਰਜਾਂ ਨੂੰ ਜੰਗੀ ਪੱਧਰ ’ਤੇ ਤੇਜ਼ੀ ਨਾਲ ਚਲਾਉਣ ਦੇ ਹੁਕਮ ਦਿੰਦੇ ਹੋਏ ਐਸ.ਡੀ.ਆਰ.ਐਫ. ਨੂੰ ਦੋ ਹੋਰ ਕਿਸ਼ਤੀਆਂ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਹੁਣ ਕੇਵਲ ਬਚਾਅ ਹੀ ਨਹੀਂ, ਸਗੋਂ ਲੋਕਾਂ ਦੇ ਮੁੜ ਵਸੇਬੇ ਲਈ ਵਿਆਪਕ ਯੋਜਨਾਬੰਦੀ ਲਾਜ਼ਮੀ ਹੈ। ਇਸ ’ਚ ਸੜਕਾਂ ਅਤੇ ਪੁਲਾਂ ਦੀ ਮੁਰੰਮਤ, ਬਿਜਲੀ ਤੇ ਪੀਣ ਵਾਲੇ ਪਾਣੀ ਦੀ ਸਪਲਾਈ, ਸਿਹਤ ਸੇਵਾਵਾਂ ਤੇ ਜਰੂਰੀ ਵਸਤਾਂ ਦੀ ਉਪਲੱਬਧਤਾ ਸ਼ਾਮਿਲ ਹੋਣੀ ਚਾਹੀਦੀ ਹੈ। ਖੇਤੀਬਾੜੀ ਤੇ ਪਸ਼ੂ ਪਾਲਣ ਵਿਭਾਗਾਂ ਨੂੰ ਵੀ ਅਗਲੇ ਸੀਜ਼ਨ ਲਈ ਤਿਆਰੀ ਅਤੇ ਪਸ਼ੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ।