ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਜਤਾਇਆ
ਇਥੇ ਪਾਵਰਕੌਮ ਤੇ ਟਰਾਂਸਕੋ ਪੈਨਸ਼ਨਰਜ ਯੂਨੀਅਨ ਏਟਕ ਪੰਜਾਬ ਸਰਕਲ ਗੁਰਦਾਸਪੁਰ ਦੀ ਅਹਿਮ ਮੀਟਿੰਗ ਸਰਕਲ ਪ੍ਰਧਾਨ ਹਜ਼ਾਰਾ ਸਿੰਘ ਗਿੱਲ ਦੀ ਅਗਵਾਈ ਹੇਠ 132 ਕੇ ਵੀ ਸਬ-ਸਟੇਸ਼ਨ ਦਫ਼ਤਰ ਧਾਰੀਵਾਲ ਵਿੱਚ ਹੋਈ। ਇਸ ਸਰਕਲ ਪੱਧਰੀ ਮੀਟਿੰਗ ਵਿੱਚ ਯੂਨੀਅਨ ਦੇ ਸੂਬਾ ਵਰਕਿੰਗ ਜਨਰਲ ਸਕੱਤਰ ਨਰਿੰਦਰ ਕੁਮਾਰ ਬੱਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸਰਕਲ ਸਕੱਤਰ ਦਵਿੰਦਰ ਸਿੰਘ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਮੁਲਾਜ਼ਮ ਪੈਨਸ਼ਨਰਾਂ ਵਿਰੋਧੀ ਅਸਲੀ ਚਿਹਰਾ ਨੰਗਾ ਹੋ ਗਿਆ ਹੈ ਅਤੇ ਪੰਜਾਬ ਸਰਕਾਰ ਲਾਰੇ ਲਾ ਕੇ ਡੰਗ ਟਪਾ ਰਹੀ ਹੈ। ਪੰਜਾਬ ਸਰਕਾਰ ਨੇ ਮੁਲਾਜ਼ਮ ਪੈਨਸ਼ਨਰਾਂ ਦੀ ਡੀ ਏ ਦੀ ਕਿਸ਼ਤ ਜਾਰੀ ਨਹੀਂ ਕੀਤੀ, ਜਦਕਿ ਕੇਂਦਰ ਸਰਕਾਰ ਤੇ ਬਾਕੀ ਰਾਜ ਸਰਕਾਰਾਂ ਨੇ ਮੁਲਾਜ਼ਮ ਤੇ ਪੈਨਸ਼ਨਰ ਨੂੰ ਡੀ ਏ ਦੀਆਂ ਕਿਸ਼ਤਾਂ ਤੇ ਬਕਾਇਆ ਜਾਰੀ ਕਰ ਦਿੱਤਾ ਹੈ। ਬੁਲਾਰਿਆਂ ਨੇ ਦੱਸਿਆ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਕਰਦਿਆਂ ਪੈਨਸਨਰਾਂ ਵਲੋਂ 28 ਅਕਤੂਬਰ ਨੂੰ ਤਰਨਤਾਰਨ ਜ਼ਿਮਨੀ ਚੋਣ ਵਿੱਚ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੈਨਸ਼ਨਰ 2 ਨਵੰਬਰ ਨੂੰ ਲੁਧਿਆਣਾ ਵਿੱਚ ਬਿਜਲੀ ਮੰਤਰੀ ਵਿਰੁੱਧ ਝੰਡਾ ਮਾਰਚ ਅਤੇ 16 ਨਵੰਬਰ ਨੂੰ ਸੰਗਰੂਰ ਵਿੱਚ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨਗੇ। ਮੀਟਿੰਗ ਵਿੱਚ ਮਹਿੰਦਰ ਪਾਲ ਸਿੰਘ ਸੁਚੇਤਗੜ੍ਹ, ਬਾਵਾ ਸਿੰਘ ਠੀਕਰੀਵਾਲ, ਨਿਰਮਲ ਸਿੰਘ ਬਸਰਾ, ਹਰਕਿਰਪਾਲ ਸਿੰਘ ਸੋਹਲ, ਸੁਰਜੀਤ ਸਿੰਘ ਰਿਆੜ, ਕੁਲਵੰਤ ਸਿੰਘ ਧਾਰੀਵਾਲ, ਪਿਆਰਾ ਸਿੰਘ ਭਾਮੜੀ, ਪਰਮਜੀਤ ਸਿੰਘ ਕੋਟ, ਗੁਰਮੇਜ ਸਿੰਘ ਬੁੱਟਰ ਆਦਿ ਸ਼ਾਮਲ ਸਨ।
