ਸਰਕਾਰ ਵਿਰੁੱਧ ਨਿੱਤਰੇ ਪੈਨਸ਼ਨਰ
ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਨਾ ਮੰਨਣ ਕਰਕੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਧੀਮਾਨ ਦੀ ਅਗਵਾਈ ਹੇਠ ਸੁਜਾਨਪੁਰ ਵਿੱਚ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਮੁਜ਼ਾਹਰੇ ਵਿੱਚ ਸਤੀਸ਼ ਸ਼ਰਮਾ, ਯੁਧਵੀਰ ਸਿੰਘ, ਮੰਗਤ ਸਿੰਘ, ਕਰਨ ਸਿੰਘ, ਮਨੋਹਰ ਲਾਲ, ਅਜੀਤ ਰਾਜ, ਵਿਜੇ ਕੁਮਾਰ, ਮਹਿੰਦਰ ਸਿੰਘ, ਤਾਰਾਚੰਦ, ਓਮ ਪ੍ਰਕਾਸ਼, ਜਗਦੀਸ਼ ਸਿੰਘ, ਬਾਬਾ ਸਿੰਘ, ਚਰਨ ਸਿੰਘ, ਮੁਕੰਦ ਲਾਲ ਸੈਣੀ, ਸੋਮਰਾਜ ਆਦਿ ਸ਼ਾਮਲ ਸਨ।
ਜ਼ਿਲ੍ਹਾ ਪ੍ਰਧਾਨ ਰਜਿੰਦਰ ਧੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਕੇਂਦਰ ਸਰਕਾਰ ਨਾਲੋਂ 16 ਫੀਸਦੀ ਘੱਟ ਮਹਿੰਗਾਈ ਭੱਤਾ ਦੇ ਰਹੀ ਹੈ। ਇਸੇ ਤਰ੍ਹਾਂ, ਪੇਂਡੂ ਭੱਤਾ, ਸਰਹੱਦੀ ਖੇਤਰ ਭੱਤਾ ਅਤੇ ਏ ਸੀ ਪੀ ਸਕੀਮ ਸਮੇਤ 37 ਭੱਤੇ ਪਿਛਲੇ ਚਾਰ ਸਾਲਾਂ ਤੋਂ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਨੂੰ 2.59 ਦੇ ਗੁਣਾਂਕ ਨਾਲ ਸੋਧ ਨਹੀਂ ਕਰ ਰਹੀ। ਇੱਥੇ ਹੀ ਬੱਸ ਨਹੀਂ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਆਪਣੇ ਵਾਅਦੇ ਤੋਂ ਵੀ ਪਿੱਛੇ ਹਟ ਰਹੀ ਹੈ ਅਤੇ ਇਸ ਨੂੰ ਕੇਂਦਰ ਸਰਕਾਰ ਨਾਲ ਜੋੜ ਰਹੀ ਹੈ। ਇਸੇ ਤਰ੍ਹਾਂ, ਸਰਕਾਰ ਨੇ ਮਿਡ-ਡੇਅ ਮੀਲ ਵਰਕਰਾਂ, ਆਸ਼ਾ ਵਰਕਰਾਂ, ਫੈਸਿਲੀਟੇਟਰਾਂ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣ ਭੱਤੇ ਨੂੰ ਦੁੱਗਣਾ ਕਰਨ ਦੇ ਆਪਣੇ ਵਾਅਦੇ ਨੂੰ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਊਟਸੋਰਸਿੰਗ, ਭਰਤੀ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਅਧੀਨ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸਥਾਈ ਨਹੀਂ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨੂੰ ਦੱਬ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ 1 ਜਨਵਰੀ, 2016 ਨੂੰ ਤਨਖਾਹਾਂ ਅਤੇ ਪੈਨਸ਼ਨਾਂ ਨਿਰਧਾਰਤ ਕਰਨ ਲਈ 125 ਫੀਸਦੀ ਮਹਿੰਗਾਈ ਭੱਤੇ ਨੂੰ ਆਧਾਰ ਨਹੀਂ ਮੰਨਿਆ ਗਿਆ। ਉਨ੍ਹਾਂ ਐਲਾਨ ਕੀਤਾ ਕਿ ਸਾਂਝਾ ਮੋਰਚਾ 16 ਨਵੰਬਰ ਨੂੰ ਧੂਰੀ ਵਿੱਚ ਪੰਜਾਬ ਸਰਕਾਰ ਵਿਰੁੱਧ ਰਾਜ ਪੱਧਰੀ ਰੈਲੀ ਅਤੇ ਰੋਸ ਮਾਰਚ ਕਰੇਗਾ ਜਿਸ ਵਿੱਚ ਪਠਾਨਕੋਟ ਜ਼ਿਲ੍ਹੇ ਦੇ ਪੈਨਸ਼ਨਰ ਸ਼ਾਮਲ ਹੋਣਗੇ।
