ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੀਵਾਲੀ ਤੋਂ ਪਹਿਲਾਂ ਜ਼ਬਤ ਪਨੀਰ ਦੇ ਨਮੂਨੇ ਫੇਲ੍ਹ

ਸਿਹਤ ਵਿਭਾਗ ਨੇ ਗ਼ੈਰ-ਮਿਆਰੀ ਸੱਤ ਕੁਇੰਟਲ ਪਨੀਰ ਨਸ਼ਟ ਕਰਵਾਇਆ
ਨਸ਼ਟ ਕੀਤਾ ਜਾ ਰਿਹਾ ਗ਼ੈਰ-ਮਿਆਰੀ ਪਨੀਰ।
Advertisement

ਇੱਥੋਂ ਦੇ ਬੱਸ ਅੱਡੇ ਕੋਲੋਂ ਸਿਹਤ ਵਿਭਾਗ ਵੱਲੋਂ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਜ਼ਬਤ ਕੀਤੇ ਸੱਤ ਕੁਇੰਟਲ ਪਨੀਰ ਦੇ ਨਮੂਨੇ ਫੇਲ੍ਹ ਪਾਏ ਗਏ। ਇਸ ਮਗਰੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਪਨੀਰ ਨੂੰ ਨਸ਼ਟ ਕਰਵਾ ਦਿੱਤਾ ਹੈ। ਸਿਹਤ ਵਿਭਾਗ ਨੇ ਸਬੰਧਤ ਫਰਮ ਨੂੰ ਗ਼ੈਰ-ਮਿਆਰੀ ਪਨੀਰ ਸਪਲਾਈ ਕਰਨ ਸਬੰਧੀ ਆਪਣਾ ਪੱਖ ਪੇਸ਼ ਕਰਨ ਲਈ ਨੋਟਿਸ ਭੇਜਿਆ ਹੈ।

ਦੱਸਣਯੋਗ ਹੈ ਕਿ ਦੀਵਾਲੀ ਤੋਂ ਪਹਿਲਾਂ ਸਿਹਤ ਵਿਭਾਗ ਵੱਲੋਂ ਵਿੱਢੀ ਮੁਹਿੰਮ ਤਹਿਤ ਵਿਭਾਗੀ ਟੀਮ ਨੇ ਮੁਕੇਰੀਆਂ ਤੋਂ ਸੱਤ ਕੁਇੰਟਲ ਪਨੀਰ ਜ਼ਬਤ ਕੀਤਾ ਸੀ ਅਤੇ ਇਸ ਦੇ ਨਮੂਨੇ ਜਾਂਚ ਲਈ ਵਿਭਾਗ ਦੀ ਖਰੜ ਲੈਬਾਰਟਰੀ ਨੂੰ ਭੇਜੇ ਗਏ ਸਨ। ਇਸ ਸਬੰਧੀ ਬੀਤੇ ਦਿਨੀਂ ਮਿਲੀ ਜਾਣਕਾਰੀ ਅਨੁਸਾਰ ਇਹ ਨਮੂਨੇ ਫੇਲ੍ਹ ਪਾਏ ਗਏ ਹਨ। ਵਿਸਥਾਰਿਤ ਰਿਪੋਰਟ ਆਉਣੀ ਹਾਲੇ ਬਾਕੀ ਹੈ ਅਤੇ ਵਿਭਾਗ ਵਲੋਂ ਸਬੰਧਤ ਫਰਮ ਨੂੰ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਜ਼ਬਤ ਕੀਤਾ ਪਨੀਰ ਗੁਆਂਢੀ ਸੂਬੇ ਹਰਿਆਣਾ ਦੇ ਜ਼ਿਲ੍ਹਾ ਟੋਹਾਣਾ ਤੋਂ ਇੱਕ ਟੈਂਕਰ ਰਾਹੀਂ ਮੁਕੇਰੀਆਂ ਸਪਲਾਈ ਕੀਤਾ ਜਾ ਰਿਹਾ ਸੀ। ਇਸ ਤੋਂ ਪਹਿਲਾਂ ਵੀ ਹਰਿਆਣਾ ਤੋਂ ਤਿਉਹਾਰੀ ਸੀਜ਼ਨ ਦੌਰਾਨ ਪਨੀਰ ਦੀ ਸਪਲਾਈ ਹੁੰਦੀ ਸੀ। ਕਥਿਤ ਗ਼ੈਰ-ਮਿਆਰੀ ਪਨੀਰ ਦੀ ਸੂਚਨਾ ਮਿਲਣ ਕਾਰਨ ਵਿਭਾਗੀ ਟੀਮ ਨੇ ਇਹ ਪਨੀਰ ਜ਼ਬਤ ਕੀਤਾ ਸੀ। ਜ਼ਿਲ੍ਹਾ ਸਿਹਤ ਅਫਸਰ ਡਾ. ਜਤਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਪਨੀਰ ਦੇ ਨਮੂਨਿਆਂ ਦੀ ਵਿਸਥਾਰਿਤ ਜਾਂਚ ਰਿਪੋਰਟ ਮਿਲਣੀ ਹਾਲੇ ਬਾਕੀ ਹੈ, ਪਰ ਫੋਨ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਜਾਂਚ ਦੌਰਾਨ ਇਹ ਪਨੀਰ ਗ਼ੈਰ-ਮਿਆਰੀ ਪਾਇਆ ਗਿਆ ਹੈ। ਇਸ ਤੋਂ ਬਾਅਦ ਇਹ ਪਨੀਰ ਨਸ਼ਟ ਕਰਵਾ ਦਿੱਤਾ ਗਿਆ ਹੈ।

Advertisement

ਉਨ੍ਹਾਂ ਦੱਸਿਆ ਕਿ ਸਤੰਬਰ ਮਹੀਨੇ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਨੇ ਵੱਖ-ਵੱਖ ਖਾਧ ਪਦਾਰਥਾਂ ਦੇ ਕੁੱਲ 36 ਸੈਂਪਲ ਭਰੇ ਸਨ, ਜਿਨ੍ਹਾਂ ਵਿੱਚੋਂ 16 ਸੈਂਪਲ ਪਾਸ ਹੋਏ ਹਨ ਅਤੇ ਚਾਰ ਫੇਲ੍ਹ ਪਾਏ ਗਏ। ਰਹਿੰਦੇ 16 ਸੈਂਪਲਾਂ ਦੀ ਜਾਂਚ ਰਿਪੋਰਟ ਆਉਣੀ ਹਾਲੇ ਬਾਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗ਼ੈਰ-ਮਿਆਰੀ ਪਨੀਰ ਪਾਏ ਜਾਣ ਵਾਲੀ ਫਰਮ ਨੂੰ ਨੋਟਿਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਗ਼ੈਰ-ਮਿਆਰੀ ਖਾਧ ਪਦਾਰਥ ਨਹੀਂ ਵਿਕਣ ਦਿੱਤੇ ਜਾਣਗੇ ਅਤੇ ਲਗਾਤਾਰ ਚੈਕਿੰਗ ਯਕੀਨੀ ਬਣਾਈ ਜਾਵੇਗੀ।

Advertisement
Show comments