ਬੇਕਾਬੂ ਕਾਰ ਦਰੱਖ਼ਤ ਨਾਲ ਟਕਰਾਈ, ਮਾਂ-ਪੁੱਤ ਜ਼ਖ਼ਮੀ
ਨਰੋਟ ਜੈਮਲ ਸਿੰਘ ਦੇ ਕੋਹਲੀਆਂ ਮੋੜ ’ਤੇ ਪਿੰਡ ਪੰਮਾ ਨੇੜੇ ਇੱਕ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰੱਖ਼ਤ ਨਾਲ ਟਕਰਾ ਗਈ ਜਿਸ ਵਿੱਚ ਮਾਂ-ਪੁੱਤ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਮੌਕੇ ’ਤੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਇਲਾਜ ਲਈ ਨਰੋਟ ਜੈਮਲ ਸਿੰਘ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਅਮਿਤ ਕੁਮਾਰ ਅਤੇ ਰੋਜ਼ੀ ਦੇਵੀ ਵਜੋਂ ਹੋਈ ਹੈ। ਇਹ ਦੋਵੇਂ ਪਿੰਡ ਕੋਹਲੀਆਂ ਦੇ ਰਹਿਣ ਵਾਲੇ ਹਨ।
ਜਾਣਕਾਰੀ ਅਨੁਸਾਰ ਹਾਦਸੇ ਵਿੱਚ ਜ਼ਖ਼ਮੀ ਮਾਂ-ਪੁੱਤਰ ਕਿਸੇ ਨਿੱਜੀ ਕੰਮ ਲਈ ਆਪਣੇ ਪਿੰਡ ਤੋਂ ਨਰੋਟ ਜੈਮਲ ਸਿੰਘ ਵੱਲ ਆ ਰਹੇ ਸਨ ਅਤੇ ਜਿਉਂ ਹੀ ਉਹ ਪਿੰਡ ਪੰਮਾ ਨੇੜੇ ਪਹੁੰਚੇ ਤਾਂ ਅਮਿਤ ਕੁਮਾਰ ਕੋਲੋਂ ਅਚਾਨਕ ਕਾਰ ਕਾਰ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਲੱਗੇ ਦਰੱਖ਼ਤ ਨਾਲ ਟਕਰਾ ਗਈ। ਫਿਲਹਾਲ ਇਸ ਮਾਮਲੇ ਵਿੱਚ ਪੁਲੀਸ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।
ਆਟੋ ਤੇ ਮੋਟਰਸਾਈਕਲ ਦੀ ਟੱਕਰ ’ਚ ਤਿੰਨ ਜ਼ਖ਼ਮੀ
ਬਲਾਚੌਰ (ਬਹਾਦਰਜੀਤ ਸਿੰਘ): ਬਲਾਚੌਰ-ਰੂਪਨਗਰ ਨੈਸ਼ਨਲ ਹਾਈਵੇਅ ’ਤੇ ਸਥਿਤ ਟੋਲ ਪਲਾਜ਼ਾ ਬੱਛੂਆਂ ਨੇੜੇ ਆਟੋ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਆਟੋ ਚਾਲਕ ਸਮੇਤ ਤਿੰਨ ਜ਼ਖ਼ਮੀ ਹੋ ਗਏ। ਐੱਸਐਸਐੱਫ ਟੀਮ ਦੇ ਇੰਚਾਰਜ ਏਐਸਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਇਸ ਹਾਦਸੇ ਦੀ ਸੂਚਨਾ ਉਨ੍ਹਾਂ ਨੂੰ ਟੌਲ ਕਰਮਚਾਰੀਆਂ ਵੱਲੋਂ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹ ਆਪਣੀ ਟੀਮ ਸਮੇਤ ਘਟਨਾ ਸਥਾਨ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਵਿਸ਼ਾਲ ਪੁੱਤਰ ਸੁਰਿੰਦਰ ਕੁਮਾਰ ਤੇ ਰਾਹੁਲ ਪੁੱਤਰ ਸੁਰਿੰਦਰ ਕੁਮਾਰ ਵਾਸੀਆਨ ਜੀਓਵਾਲ ਬੱਛੂਆਂ ਅਤੇ ਆਟੋ ਚਾਲਕ ਰਾਮ ਬਾਬੂ ਪੁੱਤਰ ਭੂਸ਼ਣ ਦਾਸ ਵਾਸੀ ਰੋਪੜ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਰੂਪਨਗਰ ਦਾਖ਼ਲ ਕਰਵਾਇਆ। ਹਾਦਸੇ ਵਿੱਚ ਦੋਵੇਂ ਵਾਹਨ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ।