ਓਲੰਪੀਅਨ ਗੁਰਜੀਤ ਕੌਰ ਵੱਲੋਂ ਸੁਰਜੀਤ ਹਾਕੀ ਅਕੈਡਮੀ ਦਾ ਦੌਰਾ
ਇਸ ਮੌਕੇ ਸੁਰਜੀਤ ਹਾਕੀ ਅਕੈਡਮੀ ਦੇ ਸੀਈਓ ਇਕਬਾਲ ਸਿੰਘ ਸੰਧੂ ਨੇ ਓਲੰਪੀਅਨ ਗੁਰਜੀਤ ਕੌਰ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਅਕੈਡਮੀ ਦੇ ਖਿਡਾਰੀਆਂ ਅਤੇ ਕੋਚਾਂ ਨਾਲ ਮਿਲਾਇਆ। ਇਸ ਦੌਰਾਨ ਗੁਰਜੀਤ ਕੌਰ ਨੇ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ।
ਟੋਕੀਓ ਓਲੰਪਿਕ ਵਿੱਚ ਭਾਰਤੀ ਟੀਮ ਦੀ ਸ਼ਾਨਦਾਰ ਪ੍ਰਦਰਸ਼ਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਓਲੰਪੀਅਨ ਗੁਰਜੀਤ ਕੌਰ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਫ਼ਲਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਲਗਨ ਦੀ ਲੋੜ ਹੁੰਦੀ ਹੈ। ਉਨ੍ਹਾਂ ਆਪਣੇ ਸਫ਼ਰ ਬਾਰੇ ਦੱਸਿਆ ਅਤੇ ਯੁਵਾ ਖਿਡਾਰੀਆਂ ਨੂੰ ਹਮੇਸ਼ਾ ਆਪਣੇ ਸੁਪਨਿਆਂ ’ਤੇ ਵਿਸ਼ਵਾਸ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇੱਕ ਛੋਟੇ ਜਿਹੇ ਪਿੰਡ ਤੋਂ ਲੈ ਕੇ ਮਹਾਨ ਓਲੰਪਿਕ ਮੰਚ ਤੱਕ ਆਪਣੀ ਯਾਤਰਾ ਅਤੇ ਆਪਣਾ ਸੁਫ਼ਨਾ ਪੂਰਾ ਕਰਨ ਲਈ ਆਈਆਂ ਚੁਣੌਤੀਆਂ ਬਾਰੇ ਦੱਸਿਆ।
ਓਲੰਪੀਅਨ ਗੁਰਜੀਤ ਕੌਰ ਨੇ ਸੈਸ਼ਨ ਤੋਂ ਬਾਅਦ ਕਿਹਾ ਕਿ ਉਭਰਦੇ ਖਿਡਾਰੀਆਂ ਦੀਆਂ ਅੱਖਾਂ ਵਿੱਚ ਉਹੀ ਸਪਨਾ ਸੀ, ਜੋ ਕਈ ਸਾਲ ਪਹਿਲਾਂ ਮੇਰੀਆਂ ਅੱਖਾਂ ਵਿੱਚ ਸੀ। ਉਨ੍ਹਾਂ ਦਾ ਮਾਰਗਦਰਸ਼ਨ ਕਰਨਾ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਸਾਡਾ ਫਰਜ਼ ਹੈ। ਸੁਰਜੀਤ ਹਾਕੀ ਅਕੈਡਮੀ ਜਿਹੀਆਂ ਅਕੈਡਮੀਆਂ ਭਾਰਤੀ ਹਾਕੀ ਦਾ ਆਧਾਰ ਹਨ।
ਸੀਈਓ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਇਸ ਸਮਾਗਮ ਨੇ ਨਾ ਸਿਰਫ਼ ਕੀਮਤੀ ਤਕਨੀਕੀ ਜਾਣਕਾਰੀ ਦਿੱਤੀ ਬਲਕਿ ਇਸ ਵਿਸ਼ਵਾਸ ਨੂੰ ਵੀ ਮਜ਼ਬੂਤ ਕੀਤਾ ਕਿ ਦ੍ਰਿੜ੍ਹ ਸੰਕਲਪ ਅਤੇ ਕਠੋਰ ਮਿਹਨਤ ਨਾਲ ਸੁਫ਼ਨੇ ਪੂਰੇ ਕੀਤੇ ਜਾ ਸਕਦੇ ਹਨ।