ਖੇਤੀਬਾੜੀ ਦਫ਼ਤਰ ’ਚ ਚੋਰੀਆਂ ਤੋਂ ਅਧਿਕਾਰੀ ਦੁਖੀ
ਇੱਥੋਂ ਦੇ ਖੇਤੀਬਾੜੀ ਅਧਿਕਾਰੀ ਪਿਛਲੇ ਸੱਤ ਮਹੀਨਿਆਂ ਅੰਦਰ ਦਫ਼ਤਰ ਵਿੱਚ 3 ਵਾਰ ਚੋਰੀ ਹੋਣ ਕਾਰਨ ਪ੍ਰੇਸ਼ਾਨ ਹਨ। ਖੇਤੀ ਅਧਿਕਾਰੀਆਂ ਨੂੰ ਖੇਤਾਂ ਵਿੱਚ ਪਰਾਲੀ ਸਾੜਨ ਤੋਂ ਰੋਕਣ ਦੇ ਨਾਲ ਨਾਲ ਆਪਣੇ ਦਫ਼ਤਰ ਵਿੱਚ ਵੀ ਨਿਗਰਾਨੀ ਕਰਨੀ ਪੈ ਰਹੀ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਰਪਟ ਦਰਜ ਕੀਤੀ ਹੈ, ਪਰ ਚੋਰ ਨਾ ਫੜੇ ਜਾਣ ਕਾਰਨ ਖੇਤੀ ਅਧਿਕਾਰੀ ਪ੍ਰੇਸ਼ਾਨੀ ਝੱਲ ਰਹੇ ਹਨ। ਦੱਸਣਯੋਗ ਹੈ ਕਿ ਇਸੇ ਦੌਰਾਨ ਹੀ ਸ਼ੂਗਰ ਮਿੱਲ ਨਾਲ ਲੱਗਦੇ ਸਹਿਕਾਰੀ ਸਭਾਵਾਂ ਦੇ ਦਫ਼ਤਰ ਅੰਦਰ ਵੀ ਚੋਰੀ ਹੋ ਚੁੱਕੀ ਹੈ। ਚੋਰਾਂ ਵੱਲੋਂ ਜ਼ਿਆਦਾਤਰ ਸਰਕਾਰੀ ਦਫ਼ਤਰਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੁਲੀਸ ਵੱਲੋਂ ਦਫ਼ਤਰੀ ਅਧਿਕਾਰੀਆਂ ਨੂੰ ਚੌਕੀਦਾਰ ਰੱਖਣ ਦੀ ਕਥਿਤ ਹਦਾਇਤ ਕੀਤੀ ਜਾ ਰਹੀ ਹੈ। ਇੱਥੋਂ ਦੇ ਖੇਤੀਬਾੜੀ ਵਿਕਾਸ ਅਧਿਕਾਰੀ ਡਾ. ਕੰਵਲਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸੱਤ ਮਹੀਨਿਆਂ ਅੰਦਰ ਤਿੰਨ ਵਾਰ ਚੋਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਖੁਦ ਦੇ ਖਰਚੇ ’ਤੇ ਸੀਸੀਟੀਵੀ ਕੈਮਰੇ ਲਗਵਾਏ ਸਨ। ਸੀਸੀਟੀਵੀ ਵਿੱਚ ਚੋਰ ਦੀ ਤਸਵੀਰ ਕੈਦ ਹੋ ਗਈ ਹੈ, ਪਰ ਪੁਲੀਸ ਨੇ ਉਸ ਕਾਬੂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਦਫ਼ਤਰ ਅੰਦਰ ਪਹਿਲੀ ਚੋਰੀ 7 ਅਪਰੈਲ ਨੂੰ ਹੋਈ ਸੀ, ਜਦੋਂ ਕਿ ਦੂਜੀ ਵਾਰ ਚੋਰਾਂ ਨੇ 23 ਜੂਨ ਨੂੰ ਸਮਾਨ ਚੋਰੀ ਕੀਤਾ ਸੀ। ਉਨ੍ਹਾਂ ਐੱਸਐੱਸਪੀ ਹੁਸ਼ਿਆਰਪੁਰ ਤੋਂ ਮੰਗ ਕੀਤੀ ਕਿ ਦਫ਼ਤਰ ਅੰਦਰ ਹੋ ਰਹੀਆਂ ਵਾਰ-ਵਾਰ ਚੋਰੀਆਂ ’ਤੇ ਕਾਬੂ ਪਾਇਆ ਜਾਵੇ। ਉਧਰ, ਐੱਸਐੱਚਓ ਦਲਜੀਤ ਸਿੰਘ ਨੇ ਕਿਹਾ ਕਿ ਖੇਤੀ ਦਫ਼ਤਰ ਅੰਦਰ ਚੋਰੀ ਕਰਨ ਵਾਲੇ ਦੀ ਪਛਾਣ ਕਰ ਲਈ ਹੈ। ਉਸਦੀ ਪੈੜ ਨੱਪੀ ਜਾ ਰਹੀ ਹੈ। ਜਲਦ ਹੀ ਚੋਰ ਨੂੰ ਕਾਬੂ ਕਰਕੇ ਇਹ ਮਸਲੇ ਸੁਲਝਾ ਲਏ ਜਾਣਗੇ।
 
 
             
            