ਨਰਸਿੰਗ ਸਟਾਫ ਵੱਲੋਂ ਕਾਲੇ ਬਿੱਲੇ ਲਾ ਕੇ ਰੈਲੀ
ਪੰਜਾਬ ਸਟੇਟ ਨਰਸਿੰਗ ਐਸੋਸੀਏਸ਼ਨ ਸਿਵਲ ਹਸਪਤਾਲ ਹੁਸ਼ਿਆਰਪੁਰ ਵੱਲੋਂ ਡੀ ਆਰ ਐੱਮ ਈ ਯੂਨੀਅਨ ਦਾ ਸਮਰਥਨ ਕਰਦਿਆਂ ਪ੍ਰਧਾਨ ਨੀਲਮ ਸੈਣੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਖ਼ਿਲਾਫ਼ ਕਾਲੇ ਬਿੱਲੇ ਲਾ ਕੇ ਰੋਸ ਰੈਲੀ ਕੀਤੀ ਗਈ। ਉਨ੍ਹਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਮੰਗ ਕੀਤੀ ਕਿ ਸਮੂਹ ਨਰਸਿੰਗ ਕੇਡਰ ਦਾ 4600 ਗਰੇਡ ਪੇਅ ਬਹਾਲ ਕੀਤਾ ਜਾਵੇ, ਨਰਸਿੰਗ ਸਟਾਫ਼ ਦੀ ਭਰਤੀ ਕੀਤੀ ਜਾਵੇ, ਦੂਜੇ ਸੂਬਿਆਂ ਵਾਂਗ ਬਣਦੇ ਭੱਤੇ ਦਿੱਤੇ ਜਾਣ, ਨਰਸਿੰਗ ਸਿਸਟਰ ਤੇ ਮੈਟਰਨ ਦੀ ਤਰੱਕੀ ਲਈ ਤਿੰਨ ਸਾਲ ਦੇ ਤਜ਼ਰਬੇ ਨੂੰ ਘਟਾ ਕੇ ਇੱਕ ਸਾਲ ਕੀਤਾ ਜਾਵੇ, ਸਟਾਫ਼ ਨਰਸਾਂ ਦੀ ਭਰਤੀ ਅਬਾਦੀ ਅਤੇ ਬੈਡਾਂ ਦੇ ਅਨੁਪਾਤ ਅਨੁਸਾਰ ਕੀਤੀ ਜਾਵੇ, ਹਰ ਪੇਂਡੂ ਅਤੇ ਸ਼ਹਿਰੀ ਹਸਪਤਾਲ ਵਿੱਸ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ, ਪੇਅ ਗਰੇਡ ਵਿੱਚ ਸੋਧ ਕਰਕੇ ਲਾਗੂ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਉਕਤ ਮੰਗਾਂ ਨੂੰ ਤੁਰੰਤ ਲਾਗੂ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਉਪ ਪ੍ਰਧਾਨ ਹਰਦੀਪ ਕੌਰ, ਪਰਮਜੀਤ ਕੌਰ, ਮਨਦੀਪ ਸੈਣੀ, ਹਰਪ੍ਰੀਤ ਕੌਰ, ਸਾਕਸ਼ੀ, ਦੀਪਕਾ, ਸੁਨੀਤਾ, ਗੁਰਮਿੰਦਰ ਕੌਰ, ਰਮਨੀਤ ਕੌਰ, ਗਗਨ ਆਦਿ ਹਾਜ਼ਰ ਸਨ।