ਨਾਲੇ ’ਚ ਡਿੱਗੇ ਨੌਜਵਾਨ ਦਾ ਨਾ ਲੱਗਿਆ ਸੁਰਾਗ
ਹੜ੍ਹ ’ਚ ਫਸੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸੇਵਾ ਕਰ ਰਹੇ ਨੌਜਵਾਨ ਵਿਨੇ ਵਰਧਨ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਾ। ਪੀੜਤ ਪਰਿਵਾਰ ਵੱਲੋਂ ਸਥਾਨਕ ਪ੍ਰਸ਼ਾਸਨ ਅਤੇ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐਸਐਚਓ ’ਤੇ ਉਨ੍ਹਾਂ ਦੇ ਪੁੱਤ ਦੀ ਤਲਾਸ਼ ਲਈ ਚਾਰਾਜੋਈ ਨਾ ਕਰਨ ’ਤੇ ਅੱਜ ਕਲਾਨੋਰ ’ਚ ਰੋਸ ਵਿਖਾਵਾ ਕੀਤਾ ਗਿਆ। ਜਦੋਂ ਕਿ ਪੀੜਤ ਪਰਿਵਾਰ ਨੇ ਫੌਜ ਅਤੇ ਐਨਡੀਆਰਐਫ ਜਵਾਨਾਂ ਵੱਲੋਂ ਨੌਜਵਾਨ ਦੀ ਭਾਲ ਕਰਨ ਦੀ ਵਡਿਆਹੀ ਕੀਤੀ। ਜ਼ਿਕਰਯੋਗ ਹੈ ਕਿ ਕਸਬਾ ਕਲਾਨੌਰ ਦੇ ਵਿਨੇ ਵਰਧਨ ਜੋ ਹੜ੍ਹ ’ਚ ਫਸੇ ਲੋਕਾਂ ਲਈ ਹੋਰ ਨੌਜਵਾਨਾਂ ਨਾਲ ਪੀਣ ਵਾਲੇ ਪਾਣੀ ਦੀ ਸੇਵਾ ਕਰ ਰਿਹਾ ਸੀ, ਅਚਾਨਕ ਪੈਰ ਤਿਲਕਣ ਕਾਰਨ ਕਿਰਨ ਨਾਲੇ ’ਚ ਡਿੱਗ ਪਿਆ। ਉਸ ਤੋਂ ਬਾਅਦ ਉਸ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਾ। ਬਟਾਲਾ-ਡੇਰਾ ਬਾਬਾ ਨਾਨਕ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਕਿਰਨ ਨਾਲੇ ’ਚ ਹੜ੍ਹ ਦਾ ਪਾਣੀ ਤੇਜ਼ੀ ਨਾਲ ਵਹਿ ਰਿਹਾ ਹੈ। ਹੜ੍ਹ ’ਚ ਫਸੇ ਲੋਕਾਂ ਨੂੰ ਹੋਰ ਅਮਲੇ ਨਾਲ ਸੁਰੱਖਿਅਤ ਥਾਵਾਂ ਵੱਲ ਲੈ ਕੇ ਆਉਣ ਵਾਲੇ ਕਾਨੂੰਗੋ ਜਸਵੰਤ ਸਿੰਘ ਦਾਲਮ ਨੇ ਦੱਸਿਆ ਕਿ ਵੀਰਵਾਰ ਸ਼ਾਮ ਛੇ ਵਜੇ ਤੋਂ ਕਿਰਨ ਨਾਲੇ ’ਚ ਡਿੱਗੇ ਨੌਜਵਾਨ ਵਿਨੇ ਨੂੰ ਲੱਭਣ ਲਈ ਐਨਡੀਆਰਐਫ ਟੀਮਾਂ ਨਾਲ ਰਾਤ ਦੋ ਵਜੇ ਤੱਕ ਭਾਲ ਕੀਤੀ ਗਈ ਪਰ ਉਸ ਦਾ ਕੋਈ ਪਤਾ ਨਹੀਂ ਚੱਲ ਸਕਿਆ। ਸਾਧਾਰਨ ਪਰਿਵਾਰ ਦੇ ਚਾਰ ਭੈਣਾਂ ਦਾ ਭਰਾ ਵਿਨੇ ਕਲਾਨੌਰ ’ਚ ਬਿਜਲੀ ਦੀ ਦੁਕਾਨ ’ਤੇ ਕੰਮ ਕਰਦਾ ਹੈ।