ਨਿਹੰਗ ਜਥੇਬੰਦੀਆਂ ਵੱਲੋਂ ਮਜ਼ਦੂਰਾਂ ’ਤੇ ਹਮਲਾ
ਹੁਸ਼ਿਆਰਪੁਰ ਵਿਚ ਇੱਕ ਮਜ਼ਦੂਰ ਵੱਲੋਂ ਚਾਰ ਸਾਲਾ ਬੱਚੇ ਦਾ ਕਤਲ ਕਰਨ ਉਪਰੰਤ ਅੱਜ ਇਥੇ ਨਿਹੰਗ ਜਥੇਬੰਦੀਆਂ ਵੱਲੋਂ ਬਾਬਾ ਕਰਨੈਲ ਸਿੰਘ ਦਸਮੇਸ਼ ਤਰਨਾ ਦਲ, ਗੁਰਬਾਜ ਸਿੰਘ ਦਸਮੇਸ਼ ਤਰਨਾ ਦਲ ਦੀ ਅਗਵਾਈ ਹੇਠ ਇਥੋਂ ਦੇ ਨੂਰਮਹਿਲ ਰੋਡ ਵਿਖੇ ਕੰਮ ’ਚ ਲੱਗੇ ਅੰਤਰਰਾਜੀ ਮਜ਼ਦੂਰਾਂ ’ਤੇ ਹਮਲਾ ਕਰ ਦਿੱਤਾ ਗਿਆ। ਨਿਹੰਗ ਸਿੰਘਾਂ ਦਾ ਹਮਲਾਵਰ ਰੁਖ ਦੇਖ ਕੇ ਇਹ ਮਜ਼ਦੂਰ ਰੇਹੜੀਆਂ ਛੱਡ ਕੇ ਭੱਜ ਗਏ ਜਿਸ ਕਾਰਨ ਨੂਰਮਹਿਲ ਰੋਡ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੀ ਸੂਚਨਾ ਮਿਲਦੇ ਥਾਣਾ ਮੁਖੀ ਫਿਲੌਰ ਭੂਸ਼ਣ ਕੁਮਾਰ ਅਤੇ ਅੱਪਰਾ ਚੌਕੀ ਇੰਚਾਰਜ ਸੁਖਦੇਵ ਸਿੰਘ ਲਸਾੜਾ, ਚੌਕੀ ਇੰਚਾਰਜ ਹਰਜੀਤ ਸਿੰਘ ਮੌਕੇ ’ਤੇ ਪਹੁੰਚੇ ਜਿਨ੍ਹਾਂ ਨਿਹੰਗ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦਾ ਕੰਮ ਨਾ ਕੀਤਾ ਜਾਵੇ। ਜੇ ਕਿਸੇ ਨੇ ਮਜ਼ਦੂਰਾਂ ਖ਼ਿਲਾਫ਼ ਕਾਰਵਾਈ ਕਰਾਉਣੀ ਹੈ ਤਾਂ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਬੰਧੀ ਨਿਹੰਗ ਜਥੇਬੰਦੀਆਂ ਨੇ ਕਿਹਾ ਕਿ ਇੱਥੇ ਰਹਿੰਦੇ ਦੂਜੇ ਰਾਜਾਂ ਦੇ ਮਜ਼ਦੂਰਾਂ ਦੀ ਪੀਸੀਸੀ ਕਰਵਾਈ ਜਾਵੇ, ਕਿਰਾਏ ’ਤੇ ਰੱਖਣ ਵਾਲੇ ਉਨ੍ਹਾਂ ਦੀ ਜ਼ਿਮੇਵਾਰੀ ਲੈਣ। ਉਨ੍ਹਾਂ ਕੌਂਸਲਰਾਂ ਅਤੇ ਸਰਪੰਚਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਬਿਨਾਂ ਰਿਹਾਇਸ਼ ਪਰੂਫ ਤੋਂ ਕਿਸੇ ਨੂੰ ਤਸਦੀਕ ਨਾ ਕਰਨ।