ਐੱਨਆਈਏ ਵੱਲੋਂ ਕਿਰਾਏਦਾਰ ਤੋਂ ਪੁੱਛ ਪੜਤਾਲ
ਜਲੰਧਰ (ਹਤਿੰਦਰ ਮਹਿਤਾ): ਐੱਨਆਈਏ ਦੀ ਟੀਮ ਨੇ ਜਲੰਧਰ ਦੇ ਪੋਸ਼ ਇਲਾਕੇ ਫਰੈਂਡਜ਼ ਕਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਤੋਂ ਅੱਜ ਪੁੱਛ ਪੜਤਾਲ ਕੀਤੀ। ਇਹ ਵਿਅਕਤੀ ਲੰਬੇ ਸਮੇਂ ਤੋਂ ਕਿਰਾਏ ’ਤੇ ਰਹਿ ਰਿਹਾ ਹੈ। ਐੱਨਆਈਏ ਦੀਆਂ ਟੀਮਾਂ ਸਵੇਰੇ 7 ਵਜੇ ਜ਼ਿਲ੍ਹਾ ਪੁਲੀਸ ਨਾਲ ਪਹੁੰਚੀਆਂ। ਸੂਤਰਾਂ ਅਨੁਸਾਰ, ਅਧਿਕਾਰੀਆਂ ਨੇ ਕੁਝ ਦਸਤਾਵੇਜ਼ ਅਤੇ ਡਿਜੀਟਲ ਡਿਵਾਈਸ ਬਰਾਮਦ ਕੀਤੇ ਹਨ। ਉਕਤ ਵਿਅਕਤੀ ਦੇ ਮੋਬਾਈਲ ਵੇਰਵਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਟੀਮ ਇਹ ਵੀ ਜਾਂਚ ਕਰ ਰਹੀ ਹੈ ਕਿ ਫਰੈਂਡਜ਼ ਕਲੋਨੀ ਵਿੱਚ ਇਸ ਵਿਅਕਤੀ ਦੇ ਸੰਪਰਕ ਵਿੱਚ ਕੌਣ-ਕੌਣ ਹੈ। ਵਿਅਕਤੀ ਦੇ ਘਰ ਦੇ ਬਾਹਰ ਪੁਲੀਸ ਫੋਰਸ ਵੀ ਤਾਇਨਾਤ ਹੈ। ਇਸ ਸਬੰਧੀ ਐੱਨਆਈਏ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੰਦਰ ਮਰਵਾਹਾ, ਫਰੈਂਡਜ਼ ਕਲੋਨੀ, ਡੀਏਵੀ ਕਾਲਜ ਨੇੜੇ, ਜਲੰਧਰ, ਪੀਐੱਸ ਡਿਵੀਜ਼ਨ ਨੰਬਰ-1, ਜਲੰਧਰ ਦੇ ਘਰ ਛਾਪਾ ਮਾਰਿਆ ਹੈ। ਉਕਤ ਪਤੇ 'ਤੇ ਨਿਖਿਲ ਜੋਸ਼ੀ ਕਿਰਾਏ ’ਤੇ ਰਹਿ ਰਿਹਾ ਹੈ। ਊਨਾ ਦੱਸਿਆ ਕਿ ਹੁਣ ਤੱਕ ਕਿਸੇ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।