ਨਵਜੰਮੇੇ ਬੱਚੇ, ਮਾਂ ਤੇ ਬਿਮਾਰਾਂ ਨੂੰ ਸੁਰੱਖਿਅਤ ਕੱਢਿਆ
ਸਰਹੱਦ ਨੇੜਲੇ ਪਿੰਡਾਂ ਵਿੱਚ ਲੰਘੇ ਕਈ ਦਿਨਾਂ ਤੋਂ ਹੜ੍ਹ ’ਚ ਘਿਰੇ ਲੋਕਾਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਵੱਖ-ਵੱਖ ਬਚਾਅ ਕਾਰਜ ਟੀਮਾਂ ਵੱਲੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਹੜ੍ਹਾਂ ਦੇ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਜਿੱਥੇ ਕੱਢਿਆ ਜਾ ਰਿਹਾ ਹੈ, ਉਥੇ ਜਾਨਵਰਾਂ ਦੀਆਂ ਜਾਨਵਰਾਂ ਦੀਆਂ ਜਾਨਾ ਬਚਾਈਆਂ ਜਾ ਰਹੀਆਂ ਹਨ। ਤਹਿਸੀਲਦਾਰ ਲਛਮਣ ਸਿੰਘ ਰੰਧਾਵਾ ਅਤੇ ਕਾਨੂੰਗੋ ਜਸਵੰਤ ਸਿੰਘ ਦਾਲਮ ਨੇ ਦੱਸਿਆ ਕਿ ਪਿੰਡ ਹਵੇਲੀ ਕਲਾਂ ‘ਚੋਂ ਇੱਕ ਰੈਸਕਿਊ ਦੀ ਕਾਲ ਆਈ ਸੀ ਕਿ ਇਸ ਪਿੰਡ ਵਿੱਚ ਇੱਕ ਨਵਜੰਮਿਆ ਬੱਚਾ ਤੇ ਉਸ ਦੀ ਮਾਂ ਆਪਣੇ ਘਰ ਅੰਦਰ ਪਾਣੀ ਵਿੱਚ ਘਿਰੇ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਕਿਸ਼ਤੀ ਰਾਹੀਂ ਉਸ ਪਿੰਡ ਤੱਕ ਪਹੁੰਚ ਕਰਕੇ ਨਵਜੰਮੇ ਬੱਚੇ ਅਤੇ ਉਸਦੀ ਮਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆਂਦਾ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਬਹਿਲੋਲਪੁਰ ਤੋਂ ਵੀ ਇੱਕ ਹੋਰ ਨੰਨ੍ਹੀ ਬੱਚੀ ਨੂੰ ਰੈਸਕਿਊ ਕੀਤਾ ਗਿਆ ਹੈ। ਅੱਜ ਘੋਨੇਵਾਲ ਤੋਂ ਇੱਕ ਬਿਮਾਰ ਬਜ਼ੁਰਗ ਔਰਤ ਨੂੰ ਵੀ ਰੈਸਕਿਊ ਕਰਕੇ ਹਸਪਤਾਲ ਪਹੁੰਚਾਇਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੌਰਾਨ ਜਿੱਥੇ ਇਨਸਾਨੀ ਜ਼ਿੰਦਗੀਆਂ ਨੂੰ ਬਚਾਇਆ ਗਿਆ ਹੈ ਉਥੇ ਜਾਨਵਰਾਂ ਨੂੰ ਵੀ ਬਚਾਉਣ ਵਿੱਚ ਵੀ ਪੂਰੇ ਯਤਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਾਲਤੂ ਕੁੱਤਿਆਂ ਅਤੇ ਬੱਕਰੀਆਂ ਨੂੰ ਵੀ ਹੜ੍ਹਾਂ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਹੈ।