ਨਵਾਂਸ਼ਹਿਰ: ਪੁਲੀਸ ਮੁਕਾਬਲੇ ’ਚ ਗੈਂਗਸਟਰ ਵਰਿੰਦਰ ਸਿੰਘ ਹਲਾਕ
ਨਵਾਂਸ਼ਹਿਰ ਪੁਲਿਸ ਨੇ ਸ਼ਨੀਵਾਰ ਨੂੰ ਐਸਬੀਐਸ ਨਗਰ ਦੇ ਬਲਾਚੌਰ ਨੇੜੇ ਇੱਕ ਮੁਕਾਬਲੇ ਵਿੱਚ ਇੱਕ ਗੈਂਗਸਟਰ ਨੂੰ ਮਾਰ ਦਿੱਤਾ। ਤਰਨਤਾਰਨ ਜ਼ਿਲ੍ਹੇ ਦੇ ਪੰਡੋਰੀ ਪਿੰਡ ਦਾ ਰਹਿਣ ਵਾਲਾ ਵਰਿੰਦਰ ਸਿੰਘ, ਜ਼ੈਡਲਾ ਗ੍ਰਨੇਡ ਹਮਲਾ ਅਤੇ ਚੀਮਾ ਖੁਰਦ ਪਿੰਡ ਦੇ ਸਰਪੰਚ ਯੁਵਰਾਜ ਸਿੰਘ ਦੇ ਕਤਲ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ।
ਪੁਲੀਸ ਅਧਿਕਾਰੀਆਂ ਅਨੁਸਾਰ ਸਿੰਘ ਦੇ ਮਨੂ ਅਤੇ ਗੋਪੀ ਦੀ ਅਗਵਾਈ ਵਾਲੇ ਗੈਂਗਸਟਰ ਨੈੱਟਵਰਕ ਨਾਲ ਸਬੰਧ ਸਨ ।
ਉਨ੍ਹਾਂ ਦੱਸਿਆ ਕਿ ਬਲਾਚੌਰ ਖੇਤਰ ਵਿੱਚ ਉਸ ਦੀ ਗਤੀਵਿਧੀ ਦਾ ਸੰਕੇਤ ਮਿਲਿਆ ਸੀ, ਜਿਸ ਕਾਰਨ ਪੁਲੀਸ ਨੇ ਨਾਕੇਬੰਦੀ ਕੀਤੀ। ਜਦੋਂ ਹੀ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਸਿੰਘ ਨੇ ਕਥਿਤ ਤੌਰ ’ਤੇ ਭੱਜਣ ਦੀ ਕੋਸ਼ਿਸ਼ ਵਿੱਚ ਪੁਲੀਸ ਪਾਰਟੀ 'ਤੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿੱਚ ਪੁਲੀਸ ਨੇ ਵੀ ਗੋਲੀਆਂ ਚਲਾਈਆਂ।
ਮੁਕਾਬਲੇ ਦੌਰਾਨ ਸਿੰਘ ਨੂੰ ਗੋਲੀ ਲੱਗਣ ਕਾਰਨ ਗੰਭੀਰ ਸੱਟਾਂ ਲੱਗੀਆਂ ਅਤੇ ਉਸਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।
ਡੀਆਈਜੀ ਸਤਿੰਦਰ ਸਿੰਘ ਅਤੇ ਐਸਐਸਪੀ ਨਵਾਂਸ਼ਹਿਰ ਮਹਿਤਾਬ ਸਿੰਘ ਵਿਰਕ ਸਮੇਤ ਸੀਨੀਅਰ ਅਧਿਕਾਰੀ ਸਥਿਤੀ ਦੀ ਨਿਗਰਾਨੀ ਕਰਨ ਲਈ ਮੌਕੇ ’ਤੇ ਪਹੁੰਚੇ। ਪੁਲੀਸ ਨੇ ਮੌਕੇ ਤੋਂ ਇੱਕ ਮੋਟਰਸਾਈਕਲ, ਇੱਕ ਪਿਸਤੌਲ ਅਤੇ ਕਈ ਖਾਲੀ ਕਾਰਤੂਸ ਜ਼ਬਤ ਕੀਤੇ ਹਨ।