ਨਵਾਂਸ਼ਹਿਰ ਦੇ ਕਾਰੋਬਾਰੀ ਦਾ ਕਤਲ; ਲਾਸ਼ ਕਾਰ ’ਚ ਰੱਖ ਕੇ ਅੱਗ ਲਾਈ
ਬਲਾਚੌਰ ਦੇ ਸੁੱਜੋਵਾਲ ਰੋਡ ’ਤੇ ਸਥਿਤ ਖਾਲਸਾ ਫਾਰਮ ਦੇ ਨਜ਼ਦੀਕ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਜਿਸ ਦੀ ਅੱਧ ਸੜੀ ਲਾਸ਼ ਪੁਲੀਸ ਵੱਲੋਂ ਕਾਰ ਵਿਚੋਂ ਬਰਾਮਦ ਕੀਤੀ ਗਈ। ਜਾਪਦਾ ਹੈ ਕਿ ਕਾਤਲਾਂ ਵੱਲੋਂ ਇਸ ਕਤਲ ਦਾ ਸਬੂਤ ਮਿਟਾਉਣ ਦੇ ਇਰਾਦੇ ਨਾਲ ਕਤਲ ਕਰਨ ਉਪਰੰਤ ਲਾਸ਼ ਨੂੰ ਕਾਰ ਵਿੱਚ ਰੱਖ ਕੇ ਅੱਗ ਲਗਾਈ ਗਈ। ਸੂਚਨਾ ਮਿਲਦੇ ਹੀ ਥਾਣਾ ਸਿਟੀ ਬਲਾਚੌਰ ਦੇ ਮੁੱਖ ਅਫਸਰ ਇੰਸਪੈਕਟਰ ਰਾਜਪਰਵਿੰਦਰ ਕੌਰ ਪੁਲੀਸ ਪਾਰਟੀ ਸਮੇਤ ਪੁੱਜੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਆਈ ਟਵੰਟੀ ਕਾਰ ਖਾਲਸਾ ਫਾਰਮ ਨਜ਼ਦੀਕ ਸੜਕ ਕਿਨਾਰੇ ਪੋਲ ਨਾਲ ਟਕਰਾਈ ਹੋਈ ਹੈ ਅਤੇ ਉਸ ਵਿੱਚ ਅੱਗ ਲੱਗੀ ਹੋਈ ਹੈ ਜਿਨ੍ਹਾਂ ਵੱਲੋਂ ਤੁਰੰਤ ਮੌਕੇ ’ਤੇ ਪੁੱਜ ਕੇ ਆਪਣੀ ਟੀਮ ਦੀ ਮੱਦਦ ਨਾਲ ਅੱਗ ਨੂੰ ਬੁਝਾਇਆ ਅਤੇ ਲਾਸ਼ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਲਾਸ਼ ਦੀ ਸ਼ਨਾਖਤ ਨਵਾਂਸ਼ਹਿਰ ਦੇ ਕਰਿਆਨਾ ਕਾਰੋਬਾਰੀ ਰਾਵਿੰਦਰ ਸੋਬਤੀ ਵਜੋਂ ਹੋਈ ਹੈ ਅਤੇ ਮ੍ਰਿਤਕ ਦੇ ਪੁੱਤਰ ਸੁਮਿਤ ਸੋਬਤੀ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ। ਸੁਮਿਤ ਸੋਬਤੀ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਉਸ ਦਾ ਪਿਤਾ ਆਪਣੀ ਕਾਰ ਵਿੱਚ ਸਵਾਰ ਹੋ ਕੇ ਬੰਗਾ ਰੋਡ ਤੋਂ ਘਰੇਲੂ ਕੰਮ ਵਾਲੀ ਔਰਤ ਨੂੰ ਲੈਣ ਗਿਆ ਸੀ ਤੇ ਜਦ ਉਹ ਦੇਰ ਰਾਤ ਵਾਪਸ ਨਾ ਆਏ ਤਾਂ ਉਨ੍ਹਾਂ ਵੱਲੋਂ ਵਾਰ ਵਾਰ ਆਪਣੇ ਪਿਤਾ ਦੇ ਫੋਨ ਉਪਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀ ਹੋ ਸਕਿਆ।
ਇੰਸਪੈਕਟਰ ਰਾਜਪਰਵਿੰਦਰ ਕੌਰ ਨੇ ਦੱਸਿਆ ਕਿ ਮੌਕੇ ਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਨੇ ਸਬੂਤਾਂ ਨੂੰ ਇਕੱਠੇ ਕੀਤਾ ਹੈ ਅਤੇ ਸੀਸੀਟੀਵੀ ਕੈਮਰਿਆਂ ਅਤੇ ਫੋਨ ਕਾਲ ਡਿਟੇਲਾਂ ਨੂੰ ਵੀ ਖੰਘਾਲਿਆ ਜਾਵੇਗਾ ਤੇ ਜਲਦੀ ਹੀ ਕਾਤਲ ਪੁਲੀਸ ਗ੍ਰਿਫਤ ਵਿੱਚ ਹੋਣਗੇ।
