ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਫੈਲਾਬਾਦ ਤੋਂ ਸੁਲਤਾਨਪੁਰ ਲੋਧੀ ਪੁੱਜਾ ਨਗਰ ਕੀਰਤਨ

ਸੀਚੇਵਾਲ ਨੇ ਪ੍ਰਸ਼ਾਦ ਵਜੋਂ 3500 ਬੂਟੇ ਵੰਡੇ
ਨਗਰ ਕੀਰਤਨ ਦੌਰਾਨ ਸੰਗਤ ਨੂੰ ਬੂਟੇ ਵੰਡਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ।
Advertisement

ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਨਗਰ ਕੀਰਤਨ ਗੁਰਦੁਆਰਾ ਗੁਰਸਰ ਸਾਹਿਬ ਸਫੈਲਾਬਾਦ ਤੋਂ ਚੱਲ ਕੇ ਨਿਰਮਲ ਕੁਟੀਆ ਪਵਿੱਤਰ ਵੇਈਂ ਆ ਕੇ ਸੰਪੰਨ ਹੋਇਆ। ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਇਸ ਨਗਰ ਕੀਰਤਨ ਨੇ 28 ਕਿਲੋਮੀਟਰ ਦਾ ਲੰਮਾ ਪੈਂਡਾ ਤੈਅ ਕੀਤਾ। ਨਗਰ ਕੀਰਤਨ ਦੌਰਾਨ ਪ੍ਰਸ਼ਾਦ ਵਜੋਂ 3500 ਬੂਟੇ ਵੰਡੇ ਗਏ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਮੁੱਚੇ ਨਗਰ ਕੀਰਤਨ ਦੌਰਾਨ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਦੀ ਵਿਆਖਿਆ ਕੀਤੀ ਉਥੇ ਹੀ ਪੰਜਾਬ ਵਿੱਚ ਵਾਤਾਵਰਨ ਦੇ ਗੰਭੀਰ ਸੰਕਟ ਬਾਰੇ ਚਰਚਾ ਕੀਤੀ। ਨਗਰ ਕੀਰਤਨ ਦੌਰਾਨ ਹੋਏ ਵੱਖ-ਵੱਖ ਪੜਾਵਾਂ ਦੌਰਾਨ ਵੀ ਉਨ੍ਹਾਂ ਪੰਜਾਬ ਦੇ ਵਿਗੜ ਰਹੇ ਵਾਤਾਵਰਨ ’ਤੇ ਡੂੰਘੀ ਚਿੰਤਾ ਪ੍ਰਗਟਾਈ ਅਤੇ ਰਲ-ਮਿਲ ਕੇ ਸਾਂਝਾ ਹੰਭਲਾ ਮਾਰਨ ਦਾ ਸੱਦਾ ਦਿੱਤਾ। ਸੰਤ ਸੀਚੇਵਾਲ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ 25 ਸਾਲਾਂ ਦੇ ਲੰਮੇ ਅਰਸੇ ਦੌਰਾਨ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਦੀ ਨੂੰ ਮੁੜ ਨਿਰਮਲਧਾਰਾ ਵਿੱਚ ਬਦਲ ਦਿੱਤਾ ਹੈ। ਇਸੇ ਤਜ਼ਰਬੇ ਨੂੰ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਰਤਿਆ ਜਾ ਰਿਹਾ ਹੈ।

ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਕਿਹਾ ਕਿ ਅਸੀਂ ਨਾ ਤਾਂ ਬਾਬੇ ਨਾਨਕ ਦੀ ਗੱਲ ਮੰਨੀ ਤੇ ਨਾ ਹੀ ਵਿਗਿਆਨ ਦੀ ਤੇ ਨਾ ਹੀ ਸੰਵਿਧਾਨ ਦੀ ਕੋਈ ਗੱਲ ਮੰਨੀ। ਉਨ੍ਹਾਂ ਦਾਅਵਾ ਕੀਤਾ ਕਿ ਦੀਵਾਲੀ ਤੋਂ ਬਾਅਦ ਦਿੱਲੀ ਦੀ ਹਵਾ ਦਾ ਗੁਣਵੱਤਾ ਸੂਚਕਾਂਕ 1100 ਦੇ ਅੰਕੜੇ ਨੂੰ ਪਾਰ ਕਰ ਗਿਆ ਸੀ। ਇਸੇ ਤਰ੍ਹਾਂ ਪੰਜਾਬ ਦੀ ਆਬੋ-ਹਵਾ ਵੀ ਸਾਹ ਲੈਣ ਯੋਗ ਨਹੀਂ ਸੀ, ਇਹ ਵੀ 400 ਦਾ ਅੰਕੜਾ ਪਾਰ ਕਰ ਗਈ ਸੀ। ਇਸ ਤੋਂ ਪਹਿਲਾਂ ਗੁਰਦੁਆਰਾ ਗੁਰਸਰ ਦੇ ਮੁੱਖ ਸੇਵਾਦਾਰ ਸੰਤ ਲੀਡਰ ਸਿੰਘ ਜੀ ਨੇ ਸੰਗਤਾਂ ਦਾ ਧੰਨਵਾਦ ਕੀਤਾ। ਨਗਰ ਕੀਰਤਨ ਰਵਾਨਾ ਹੋਣ ਤੋਂ ਪਹਿਲਾਂ ਗੱਤਕਾ ਖਿਡਾਰੀਆਂ ਨੇ ਜ਼ੌਹਰ ਦਿਖਾਏ। ਇਸ ਮੌਕੇ ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਮਹਾਤਮਾ ਮੁਨੀ ਖੈੜਾ ਬੇਟ ਵਾਲੇ, ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ, ਹਲਕਾ ਸੁਲਤਾਨਪੁਰ ਤੋਂ ‘ਆਪ’ ਦੇ ਇੰਚਾਰਜ ਸੱਜਣ ਸਿੰਘ ਚੀਮਾ ਨੇ ਹਾਜ਼ਰੀਆਂ ਭਰੀਆਂ।

Advertisement

ਬੂਟੇ ਪਾਲਣ ਵਾਲਿਆਂ ਦਾ ਹੋਵੇਗਾ ਸਨਮਾਨ

ਨਗਰ ਕੀਤਰਨ ਦੌਰਾਨ ਸੰਗਤਾਂ ਬੂਟਿਆਂ ਦਾ ਪ੍ਰਸ਼ਾਦ ਵੰਡਦਿਆਂ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤ ਨੂੰ ਅਪੀਲ ਕੀਤੀ ਕਿ ਇਨ੍ਹਾਂ ਬੂਟਿਆਂ ਨੂੰ ਲਾਉਣ ਦਾ ਜਿੰਨਾ ਮਹੱਤਵ ਹੈ, ਬੂਟਿਆਂ ਨੂੰ ਸੰਭਾਲਣਾ ਉਸ ਤੋਂ ਵੱਧ ਪੁੰਨ ਵਾਲਾ ਕੰਮ ਹੈ। ਉਨ੍ਹਾਂ ਕਿਹਾ ਕਿ ਸਾਲ 2008 ਤੋਂ ਨਗਰ ਕੀਰਤਨ ਦੌਰਾਨ ਬੂਟਿਆਂ ਦਾ ਪ੍ਰਸ਼ਾਦ ਵੰਡਣ ਦੀ ਪਾਈ ਗਈ ਰੀਤ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਵੇਈਂਂ ਦੀ ਕਾਰਸੇਵਾ ਦੀ ਵਰ੍ਹੇਗੰਢ ਮੌਕੇ ਵੱਧ ਤੋਂ ਵੱਧ ਬੂਟੇ ਲਗਾਉਣ ਵਾਲੇ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਵਾਲੀ ਸ਼ਖ਼ਸੀਅਤ ਨੂੰ ਸਨਮਾਨਿਤ ਕੀਤਾ ਜਾਵੇਗਾ।

Advertisement
Show comments