ਬਾਬਾ ਬਕਾਲਾ ਤੋਂ ਨਗਰ ਕੀਰਤਨ ਰਵਾਨਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਤੋਂ ਅਗਲੇ ਪੜਾਅ ਗੁਰਦੁਆਰਾ ਥੰਮ੍ਹ ਸਾਹਿਬ ਕਰਤਾਰਪੁਰ ਲਈ ਰਵਾਨਾ ਹੋਇਆ। ਇਸ ਮੌਕੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਸਜੇ ਧਾਰਮਿਕ ਦੀਵਾਨ ਮੌਕੇ ਰਾਗੀ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਇਤਿਹਾਸ ਬਾਰੇ ਦੱਸਿਆ। ਰਾਹ ਵਿੱਚ ਵੱਖ ਵੱਖ ਪੜਾਵਾਂ ’ਤੇ ਸੰਗਤ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ।
ਭਲਕੇ ਫਗਵਾੜਾ ’ਚੋਂ ਰਵਾਨਾ ਹੋਵੇਗਾ ਨਗਰ ਕੀਰਤਨ
ਫਗਵਾੜਾ (ਪੱਤਰ ਪ੍ਰੇਰਕ): ਗੁਰੂ ਤੇਗ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਗੁਰਦੁਆਰਾ ਢੋਕਲੀ ਸਾਹਿਬ ਆਸਾਮ ਤੋਂ ਚੱਲਿਆ ਨਗਰ ਕੀਰਤਨ ਭਲਕੇ 13 ਨਵੰਬਰ ਦੀ ਸ਼ਾਮ ਇੱਥੋਂ ਦੇ ਗੁਰਦੁਆਰਾ ਸ੍ਰੀ ਸੂਖਚੈਨਆਣਾ ਸਾਹਿਬ ਪੁੱਜੇਗਾ ਅਤੇ 14 ਨਵੰਬਰ ਨੂੰ ਸਵੇਰੇ ਰਵਾਨਾ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਮੈਨੇਜਰ ਨਰਿੰਦਰ ਸਿੰਘ ਨੇ ਦੱਸਿਆ ਕਿ ਇਥੋਂ ਨਗਰ ਕੀਰਤਨ ਬੰਗਾ ਰੋਡ, ਜੀ ਟੀ ਰੋਡ ਹੁੰਦਾ ਹੋਇਆ ਗੁਰਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦੇ ਸੁਆਗਤ ਲਈ ਥਾਂ-ਥਾਂ ਤੇ ਸੁਆਗਤੀ ਗੇਟ ਤੇ ਸੁਆਗਤ ਦੇ ਪ੍ਰਬੰਧ ਕੀਤੇ ਗਏ ਹਨ। ਇਸ ਉਪਰੰਤ ਇਹ ਨਗਰ ਕੀਰਤਨ ਗੁਰਾਇਆ, ਜੰਡਿਆਲਾ, ਨੂਰਮਹਿਲ, ਤਲਵਣ ਹੁੰਦਾ ਹੋਇਆ ਗੁਰਦੁਆਰਾ ਮੌਅ ਸਾਹਿਬ ਵਿਖੇ ਪੁੱਜੇਗਾ।
