ਮੁਸਲਿਮ ਜਥੇਬੰਦੀ ਵੱਲੋਂ ਹੜ੍ਹ ਪੀੜਤਾਂ ਲਈ 10 ਲੱਖ ਰੁਪਏ ਭੇਟ
ਜਮਾਇਤ-ਉਲ ਕੁਰੈਸ਼ ਸਮਿਤੀ, ਫਤਿਹਪੁਰ ਸੇਖਾਵਾਟੀ, ਸੀਕਰ ਰਾਜਸਥਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪੀੜਤਾਂ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ ’ਚ ਸਹਿਯੋਗ ਲਈ 10 ਲੱਖ ਰੁਪਏ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਸਮਿਤੀ ਦੇ ਅਹੁਦੇਦਾਰਾਂ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਵੱਲੋਂ ਦਿੱਤੇ ਗਏ ਪੈਸੇ ਨਾਲ ਹੜ੍ਹ ਪੀੜਤ ਲਈ ਕਣਕ ਦੇ ਬੀਜ ਮੁਹੱਈਆ ਕਰਵਾਉਣ ਸਣੇ ਹੋਰ ਲੋੜੀਂਦੇ ਕਾਰਜ ਕੀਤੇ ਜਾਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਮਿਤੀ ਦੇ ਆਗੂਆਂ ਅਬਦੁਲ ਜ਼ਬਾਰ ਗੋਛੀਆ, ਮੋਲਾਨਾ ਸਾਦ ਮੁਕਤੀ, ਸਾ਼ਹਨਿਵਾਜ਼, ਮੁਹੰਮਦ ਹਨੀਫ਼ ਜਿੰਦਰਾਨ, ਸਲੀਮ ਚੌਧਰੀ ਤੇ ਅਫੀਰ ਇਲਆਸ ਖੋਖਰ ਦਾ ਸਨਮਾਨ ਵੀ ਕੀਤਾ ਗਿਆ।
ਵਿਦਿਆਰਥੀਆਂ ਵੱਲੋਂ ਹੋਟਲ ਦਾ ਦੌਰਾ
ਦੀਨਾਨਗਰ: ਸਥਾਨਕ ਐੱਸਐੱਸਐੱਮ ਕਾਲਜ ਦੇ ਸੈਰ-ਸਪਾਟਾ ਅਤੇ ਹੋਟਲ ਪ੍ਰਬੰਧਨ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਆਰ ਕੇ ਤੁਲੀ ਦੇ ਨਿਰਦੇਸ਼ ’ਤੇ 25 ਵਿਦਿਆਰਥੀਆਂ ਨੇ ਇੱਕ ਦਿਨਾ ਉਦਯੋਗਿਕ ਦੌਰਾ ਕੀਤਾ। ਵਿਦਿਆਰਥੀ ਆਈਟੀਸੀ ਗਰੁੱਪ ਦੇ ਹੁਸ਼ਿਆਰਪੁਰ ਸਥਿਤ ਫੌਰਚੂਨ ਪਾਰਕ ਹੋਟਲ ਪਹੁੰਚੇ। ਹੋਟਲ ਦੇ ਐੱਚ ਆਰ ਮੈਨੇਜਰ ਦਾਮਿਨੀ ਸੂਦ, ਐਫਬੀ ਸਰਵਿਸ ਐਗਜ਼ੀਕਿਊਟਿਵ ਅਖਿਲ ਕਲਸੀ ਨੇ ਹੋਟਲ ਦੇ ਵੱਖ-ਵੱਖ ਵਿਲੱਖਣਤਾ ਰੱਖਣ ਵਾਲੇ 57 ਕਮਰਿਆਂ ਦਾ ਦੌਰਾ ਕਰਵਾਇਆ ਅਤੇ ਹੋਟਲ ਪ੍ਰਬੰਧਨ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੋ. ਸਰਬਜੀਤ ਸਿੰਘ, ਪ੍ਰੋ. ਸੰਦੀਪ, ਲੈਬ ਇੰਸਟਰਕਟਰ ਪਾਰਸ ਵੀ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ
ਹੜ੍ਹ ਪੀੜਤਾਂ ਦੀ ਮਦਦ ਲਈ ਚੈੱਕ ਡੀਸੀ ਨੂੰ ਸੌਂਪਿਆ
ਨਵਾਂਸ਼ਹਿਰ: ਸੇਵਾਮੁਕਤ ਪਟਵਾਰੀ ਕਾਨੂੰਗੋ ਐਸੋਸੀਏਸ਼ਨ ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ‘ਰੰਗਲਾ ਪੰਜਾਬ’ ਰਾਹਤ ਫੰਡ ਲਈ ਇੱਕ ਲੱਖ ਇੱਕ ਹਜ਼ਾਰ ਦੀ ਸਹਾਇਤਾ ਰਾਸ਼ੀ ਦਿੱਤੀ ਗਈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਅੱਜ ਇਸ ਰਕਮ ਦਾ ਚੈੱਕ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਅੰਕਰਜੀਤ ਸਿੰਘ ਨੂੰ ਸੌਂਪਿਆ ਗਿਆ। ਡਿਪਟੀ ਕਮਿਸ਼ਨਰ ਨੇ ਯੋਗਦਾਨ ਪਟਵਾਰੀ ਕਾਨੂੰਗੋ ਐਸੋਸੀਏਸ਼ਨ ਦਾ ਧੰਨਵਾਦ ਕੀਤਾ। ਸੂਬਾਈ ਆਗੂ ਗੁਰਨੇਕ ਸਿੰਘ ਸ਼ੇਰ ਨੇ ਕਿਹਾ ਕਿ ਐਸੋਸੀਏਸ਼ਨ ਇਸ ਮੁਸ਼ਕਲ ਸਮੇਂ ’ਚ ਲੋਕਾਂ ਦੇ ਨਾਲ ਖੜ੍ਹੀ ਹੈ। -ਪੱਤਰ ਪ੍ਰੇਰਕ
ਸ਼ਰਨਦੀਪ ਤੇ ਪੂਜਾ ਨੂੰ ਬੈਸਟ ਟੀਚਰ ਐਵਾਰਡ
ਧਾਰੀਵਾਲ: ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਵਿੱਚ ਡਾਇਰੈਕਟਰ ਅਮਰਜੀਤ ਸਿੰਘ ਚਾਹਲ ਤੇ ਸਕੱਤਰ ਪਰਮਿੰਦਰ ਕੌਰ ਚਾਹਲ ਦੀ ਅਗਵਾਈ ਹੇਠ ਸਕੂਲ ਦੀ ਅਧਿਆਪਕਾ ਸ਼ਰਨਦੀਪ ਕੌਰ ਤੇ ਪੂਜਾ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਸਦਕਾ ‘ਬੈਸਟ ਟੀਚਰ’ ਚੁਣਿਆ ਗਿਆ। ਇਸ ਦੌਰਾਨ ਉਨ੍ਹਾਂ ਨੂੰ ਸੀਬੀਐੱਸਈ ਸਹੋਦਿਆ ਸਕੂਲ ਕੰਪਲੈਕਸ ਗੁਰਦਾਸਪੁਰ ਵਿੱਚ ਡਾ. ਰਾਜਾ ਕ੍ਰਿਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ’ਚ ਪ੍ਰਿੰਸੀਪਲ ਕਿਰਨ ਕੇਸਰ ਨੇ ਸਮੂਹ ਸਟਾਫ ਵਲੋਂ ਸ਼ਰਨਜੀਤ ਕੌਰ ਤੇ ਪੂਜਾ ਨੂੰ ਮੁਬਾਰਕਬਾਦ ਦਿੱਤੀ ਤੇ ਸਵੇਰ ਦੀ ਸਭਾ ਵਿੱਚ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। -ਪੱਤਰ ਪ੍ਰੇਰਕ