ਹੜ੍ਹਾਂ ਪੀੜਤ ਮਜ਼ਦੂਰਾਂ ਦੇ ਮੁਆਵਜ਼ੇ ਲਈ ਮੋਟਰਸਾਈਕਲ ਮਾਰਚ ਅੱਜ
ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਹੜ੍ਹਾਂ/ਬਾਰਸ਼ਾਂ ਨਾਲ ਹੋਏ ਨੁਕਸਾਨ ਦਾ ਮਜ਼ਦੂਰਾਂ ਨੂੰ ਮੁਆਵਜ਼ਾ ਦਿਵਾਉਣ ਲਈ 4 ਅਕਤੂਬਰ ਨੂੰ ਬਲਾਕ ਸ਼ਾਹਕੋਟ, ਲੋਹੀਆਂ ਖਾਸ, ਮਹਿਤਪੁਰ, ਨਕੋਦਰ ਅਤੇ ਨੂਰਮਹਿਲ ’ਚ ਮੋਟਰਸਾਈਕਲ ਮਾਰਚ ਕੀਤਾ ਜਾ ਰਿਹਾ ਹੈ। ਮੋਰਚੇ ਵਿਚ ਸ਼ਾਮਿਲ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਇਲਾਕਾ ਕਮੇਟੀ ਸ਼ਾਹਕੋਟ-ਨਕੋਦਰ ਦੇ ਪ੍ਰਧਾਨ ਹਰਪਾਲ ਬਿੱਟੂ,ਸਕੱਤਰ ਸੁਖਜਿੰਦਰ ਲਾਲੀ ਅਤੇ ਸਤਨਾਮ ਉੱਗੀ ਨੇ ਜਾਣਕਾਰੀ ਦਿੰਦੇ ਕਿਹਾ ਕਿ ਹੜ੍ਹਾਂ ਦੀ ਸਿੱਧੀ ਮਾਰ ਹੇਠ ਆਏ ਲੋਕਾਂ ਦਾ ਜਿੱਥੇ ਭਾਰੀ ਮਾਲੀ ਨੁਕਸਾਨ ਹੋਇਆ ਹੈ ਉੱਥੇ ਮਜ਼ਦੂਰ ਵਰਗ ਦੇ ਲੋਕਾਂ ਦੇ ਘਰਾਂ ਦਾ ਵੀ ਸੂਬੇ ਅੰਦਰ ਭਾਰੀ ਨੁਕਸਾਨ ਹੋਇਆ ਹੈ। ਮਜ਼ਦੂਰ ਮੋਰਚੇ ਵੱਲੋਂ ਕੀਤੇ ਸੰਘਰਸ਼ ਸਦਕਾ ਸਰਕਾਰ ਨੇ ਢਹੇ ਅਤੇ ਨੁਕਸਾਨੇ ਘਰਾਂ ਲਈ ਐਲਾਨੀ ਮੁਆਵਜ਼ਾਂ ਰਾਸ਼ੀ ਨੁਕਸਾਨ ਦੇ ਮੱਦੇਨਜ਼ਰ ਬਹੁਤ ਨਿਗੂਣੀ ਹੈ। ਉਨ੍ਹਾਂ ਮੰਗ ਕੀਤੀ ਕਿ ਹੜ੍ਹਾਂ ’ਚ ਜਾਨਾਂ ਗੁਆਉਣ ਵਾਲੇ ਪੀੜਤਾਂ ਦੇ ਪਰਿਵਾਰਾਂ ਨੂੰ 25 ਲੱਖ,ਹੜ੍ਹਾਂ/ਬਾਰਸ਼ਾਂ ਨਾਲ ਢਹਿ ਗਏ ਮਕਾਨਾਂ ਦੀ ਉਸਾਰੀ ਲਈ 15 ਲੱਖ,ਗਾਡਰਾਂ/ਬਾਲਿਆਂ ਵਾਲੀਆਂ ਛੱਤਾਂ ਬਦਲਣ ਲਈ 5 ਲੱਖ ਅਤੇ ਮਜ਼ਦੂਰਾਂ ਦੀਆਂ ਟੁੱਟੀਆਂ ਦਿਹਾੜੀਆਂ ਦੀ ਭਰਪਾਈ ਲਈ ਪ੍ਰਤੀ ਪਰਿਵਾਰ 50 ਹਜ਼ਾਰ ਰੁਪਏ ਮੁਆਵਜ਼ਾ ਦਿਤਾ ਜਾਵੇ।