ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਪਿੰਡਾਂ ’ਚ ਮੋਟਰਸਾਈਕਲ ਮਾਰਚ
ਹਡ਼੍ਹਾਂ ਕਾਰਨ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ
Advertisement
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ’ਤੇ ਅੱਜ ਬਲਾਕ ਸ਼ਾਹਕੋਟ ਅਤੇ ਨਕੋਦਰ ਦੇ ਦਰਜਨਾਂ ਪਿੰਡਾਂ ਵਿੱਚ ਮਜ਼ਦੂਰਾਂ ਨੇ ਮੋਟਰਸਾਈਕਲ ਮਾਰਚ ਕਰਕੇ ਹੜ੍ਹ ਅਤੇ ਮੀਂਹ ਕਾਰਨ ਹੋਏ ਨੁਕਸਾਨ ਦੀ ਭਰਪਾਈ ਵਾਸਤੇ ਮਜ਼ਦੂਰਾਂ ਨੂੰ ਤੁਰੰਤ ਗ੍ਰਾਂਟ ਦੇਣ ਦੀ ਮੰਗ ਕੀਤੀ। ਪਿੰਡਾਂ ਵਿੱਚ ਮਜ਼ਦੂਰ ਇਕੱਠਾਂ ਨੂੰ ਸੰਬੋਧਨ ਕਰਦਿਆ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਗਿਆਨ ਸੈਦਪੁਰੀ ਨੇ ਕਿਹਾ ਕਿ ਅਜੇ ਤੱਕ ਪੰਜਾਬ ਸਰਕਾਰ ਨੇ ਐਲਾਨ ਤੋਂ ਬਿਨਾਂ ਕੁਝ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਜਿੱਥੇ ਹੜ੍ਹਾਂ ਨੇ ਲੋਕਾਂ ਦੀ ਵੱਡੀ ਤਬਾਹੀ ਕੀਤੀ ਉੱਥੇ ਭਾਰੀ ਮੀਂਹ ਨੇ ਮਜ਼ਦੂਰਾਂ ਦੇ ਘਰ ਤੇ ਘਰੇਲੂ ਸਮਾਨ ਦਾ ਵੀ ਬਹੁਤ ਵੱਡਾ ਨੁਕਸਾਨ ਕੀਤਾ ਹੈ। ਮਜ਼ਦੂਰ ਜਥੇਬੰਦੀਆਂ ਦੇ ਸੰਘਰਸ਼ ਸਦਕਾ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਤਾਂ ਕਰ ਦਿਤਾ ਪਰ ਇਸ ਨੂੰ ਅਮਲ ਵਿੱਚ ਲਿਆਉਣ ਲਈ ਕੋਈ ਸਰਵੇ ਨਹੀਂ ਕਰਵਾਇਆ।
Advertisement
ਉਨ੍ਹਾਂ ਕਿਹਾ ਕਿ ਸਰਕਾਰ ਦਾ ਪਿਛਲਾ ਅਮਲ ਦਰਸਾਉਂਦਾ ਹੈ ਕਿ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਫੋਕੇ ਐਲਾਨ ਹੀ ਕਰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਢਹਿ ਗਏ ਘਰਾਂ ਦੀ ਮੁੜ ਉਸਾਰੀ ਲਈ 15 ਲੱਖ, ਗਾਡਰ/ਬਾਲਿਆਂ ਵਾਲੀਆਂ ਛੱਤਾਂ ਬਦਲਣ ਲਈ ਪ੍ਰਤੀ ਮਕਾਨ ਪੰਜ ਲੱਖ, ਮਰੇ ਡੰਗਰਾਂ ਦੇ ਪ੍ਰਤੀ ਪਸ਼ੂ ਇਕ ਲੱਖ ਰੁਪਏ ਅਤੇ ਟੁੱਟੀਆਂ ਦਿਹਾੜੀਆਂ ਲਈ ਪ੍ਰਤੀ ਪਰਿਵਾਰ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਹਰਪਾਲ ਬਿੱਟੂ, ਸੁਖਜਿੰਦਰ ਲਾਲੀ, ਨਿਰਮਲ ਮਲਸੀਆਂ, ਤਾਰਾ ਸਿੰਘ ਥੰਮੂਵਾਲ ਅਤੇ ਨਛੱਤਰ ਨਾਹਰ ਨੇ ਸੰਬੋਧਨ ਕੀਤਾ।
Advertisement