ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਮੋਟਰਸਾਈਕਲ ਮਾਰਚ
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਵਿਚ ਮਜ਼ਦੂਰਾਂ ਨੇ ਬਲਾਕ ਲੋਹੀਆਂ ਖਾਸ ਦੇ ਪਿੰਡਾਂ ਵਿਚ ਮੋਟਰਸਾਈਕਲ ਮਾਰਚ ਕਰਕੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ। ਪਿੰਡਾਂ ਵਿੱਚ ਮਜ਼ਦੂਰ ਇਕੱਠਾਂ ਨੂੰ ਸੰਬੋਧਨ ਕਰਦਿਆ ਮਜ਼ਦੂਰ ਆਗੂਆਂ ਨੇ ਕਿਹਾ ਕਿ ਚਿੱਟੀ ਵੇਂਈ ਦੇ ਹੜ੍ਹ ਨੇ ਧੱਕਾ ਬਸਤੀ ਅਤੇ ਮੰਡਾਲਾ ਛੰਨਾ ਦੇ ਮਜ਼ਦੂਰਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਮਜ਼ਦੂਰ ਮੋਰਚੇ ਦੇ ਸੰਘਰਸ਼ ਤੋਂ ਬਾਅਦ ਪੰਜਾਬ ਸਰਕਾਰ ਨੇ ਪੀੜਤਾਂ ਦੀ ਮਦਦ ਲਈ ਐਲਾਨੀ ਮਾਮੂਲੀ ਰਾਸ਼ੀ ਦੇਣ ਲਈ ਹਾਲੇ ਤੱਕ ਕੋਈ ਸਰਵੇਖਣ ਹੀ ਨਹੀਂ ਕਰਵਾਇਆ। ਇਸ ਤੋਂ ਸਾਫ ਪਤਾ ਲਗਦਾ ਹੈ ਕਿ ਸਰਕਾਰ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਲਈ ਕਿੰਨੀ ਕੁ ਸੁਹਿਰਦ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਸ ਵਾਰ ਦਾ ਐਲਾਨ ਵੀ ਹਾਲੇ ਤੱਕ 2023 ਦੇ ਹੜ੍ਹ ਵਾਂਗ ਫੋਕਾ ਤੇ ਝੂਠਾ ਸਾਬਿਤ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਹੜ੍ਹ ’ਚ ਜਾਨਾਂ ਗੁਆਉਣ ਵਾਲੇ ਪੀੜਤ ਪਰਿਵਾਰਾਂ ਨੂੰ 25 ਲੱਖ, ਢਹਿ ਗਏ ਘਰਾਂ ਦੀ ਮੁੜ ਉਸਾਰੀ ਲਈ 15 ਲੱਖ, ਗਾਰਡਰ/ਬਾਲਿਆਂ ਵਾਲੀਆਂ ਛੱਤਾਂ ਬਦਲਣ ਲਈ ਪ੍ਰਤੀ ਮਕਾਨ 5 ਲੱਖ, ਮਰੇ ਪਸ਼ੂ ਧਨ ਲਈ ਪ੍ਰਤੀ ਪਸ਼ੂ 1 ਲੱਖ ਅਤੇ ਟੁੱਟੀਆਂ ਦਿਹਾੜੀਆਂ ਲਈ 50 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦਿੱਤਾ ਜਾਵੇ। ਗੁਰਚਰਨ ਸਿੰਘ ਅਟਵਾਲ, ਸੋਨੂੰ ਲੋਹੀਆਂ, ਵਿਕਰਮ ਮੰਡਾਲਾ, ਜਸਕਰਨਜੀਤ ਸਿੰਘ ਕੰਗ, ਅਸ਼ੋਕ ਕੁਮਾਰ, ਅਮਰ ਕੁਮਾਰ, ਜਗਤਾਰ ਸਿੰਘ ਅਤੇ ਸਤਨਾਮ ਸਿੰਘ ਨੇ ਵੀ ਮਜ਼ਦੂਰ ਇਕੱਠਾਂ ਨੂੰ ਸੰਬੋਧਨ ਕੀਤਾ।