ਸਕੂਲ ਤੇ ਕਾਲਜ ’ਚ ਮਾਂ ਦਿਵਸ ਮਨਾਇਆ
ਸ਼ਾਹਕੋਟ: ਮਾਤਾ ਸਾਹਿਬ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਕਾਲਜ ਢੰਡਡੋਵਾਲ ਵਿਚ ਮਾਂ ਦਿਵਸ ਮਨਾਇਆ ਗਿਆ। ਸੰਸਥਾ ਦੇ ਪ੍ਰਧਾਨ ਬਲਵਿੰਦਰ ਸਿੰਘ ਚੱਠਾ, ਸਕੂਲ ਪ੍ਰਿੰਸੀਪਲ ਰੇਖਾ ਰਾਣੀ ਅਤੇ ਕਾਲਜ ਪ੍ਰਿੰਸੀਪਲ ਪਰਵੀਨ ਕੌਰ ਨੇ ਵਿਦਿਆਰਥੀਆਂ ਨੂੰ ਬੱਚੇ ਦੇ ਜੀਵਨ ਵਿਚ ਮਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਮਾਂ ਦੀ ਮਹੱਤਤਾ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਬਹੁਤ ਔਖਾ ਹੈ। ਇਸ ਮੌਕੇ ਵਿਦਿਆਰਥੀਆਂ ਦੇ ਕਰਵਾਏ ਗਏ ਪੇਟਿੰਗ, ਭਾਸ਼ਣ, ਕਵਿਤਾ ਅਤੇ ਗੀਤਾਂ ਦੇ ਮੁਕਾਬਲਿਆਂ ’ਚ ਵਿਦਿਆਰਥੀਆਂ ਨੇ ਮਾਂ ਦੀ ਮਮਤਾ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ। -ਪੱਤਰ ਪ੍ਰੇਰਕ
ਦਸਵੀਂ ਦਾ ਨਤੀਜਾ ਸੌ ਫ਼ੀਸਦ ਰਿਹਾ
ਸ੍ਰੀ ਗੋਇੰਦਵਾਲ ਸਾਹਿਬ: ਬਾਬਾ ਸੇਵਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਦੇ ਦਸਵੀਂ ਦਾ ਨਤੀਜਾ ਸੌ ਫੀਸਦ ਰਿਹਾ। ਸਕੂਲ ਦੀ ਵਿਦਿਆਰਥਣ ਇਵਲੀਨ ਕੌਰ ਨੇ (98.6 ਪ੍ਰਤੀਸ਼ਤ) ਅੰਕਾਂ ਨਾਲ ਪਹਿਲਾ, ਗੁਰਲੀਨ ਕੌਰ ਨੇ (93.8 ਪ੍ਰਤੀਸ਼ਤ) ਦੂਜਾ ਸਥਾਨ, ਗੁਰਲੀਨ ਕੌਰ ਅਤੇ ਇਸ਼ਮੀਤ ਕੌਰ ਨੇ (93.6 ਪ੍ਰਤੀਸ਼ਤ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਠ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ। ਉਨ੍ਹਾਂ ਸਕੂਲ ਦੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਮੁੱਖ ਅਧਿਆਪਕਾ ਰੁਪਿੰਦਰ ਕੌਰ, ਨਵਪ੍ਰੀਤ ਕੌਰ ਅਤੇ ਅਧਿਆਪਕ ਹਾਜ਼ਰ ਸਨ। -ਪੱਤਰ ਪ੍ਰੇਰਕ
ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਰਾਸ਼ਨ ਦਿੱਤਾ
ਪਠਾਨਕੋਟ: ਵਿਦਿਆ ਐਜੂਕੇਸ਼ਨ ਸੁਸਾਇਟੀ ਪਠਾਨਕੋਟ ਵੱਲੋਂ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਰਾਸ਼ਨ ਦਾ ਸਾਮਾਨ ਅਤੇ ਹੋਰ ਚੀਜ਼ਾਂ ਦਾਨ ਵੱਜੋਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਤਿਭਾ ਖੋਸਲਾ, ਰਾਸ਼ੀ ਖੋਸਲਾ, ਯੁਵਰਾਜ ਖੋਸਲਾ, ਜਤਿਨ ਖੁੱਲਰ, ਰਿੰਪੀ ਖੁੱਲਰ, ਜਗਦੀਸ਼ ਕੋਹਲੀ ਆਦਿ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਵਿਜੇ ਪਾਸੀ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡਾ ਕਾਰਜ ਹੈ ਅਤੇ ਸੁਸਾਇਟੀ ਸਮੇਂ-ਸਮੇਂ ’ਤੇ ਇਸ ਕਾਰਜ ਵਿੱਚ ਯੋਗਦਾਨ ਪਾ ਰਹੀ ਹੈ। ਉਨ੍ਹਾਂ ਸ਼ਹਿਰ ਦੇ ਹੋਰ ਲੋਕਾਂ ਨੂੰ ਵੀ ਸਮਾਜ ਸੇਵਾ ਵਾਲੇ ਇਸ ਕੰਮ ਵਿੱਚ ਸਹਿਯੋਗ ਕਰਨ ਦਾ ਸੱਦਾ ਦਿੱਤਾ। -ਪੱਤਰ ਪ੍ਰੇਰਕ
ਰੈੱਡ ਕਰਾਸ ਸੁਸਾਇਟੀ ਵੱਲੋਂ ਖੂਨਦਾਨ ਕੈਂਪ
ਫਗਵਾੜਾ: ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਬਲੱਡ ਡੋਨਰਜ਼ ਕੌਂਸਲ (ਰਜਿ.) ਫਗਵਾੜਾ ਦੇ ਸਹਿਯੋਗ ਨਾਲ ਬਲੱਡ ਬੈਂਕ ਵਿਖੇ ਵਿਸ਼ੇਸ ਖੂਨਦਾਨ ਕੈਂਪ ਲਗਾਇਆ ਗਿਆ। ਇਸ ਦਾ ਉਦਘਾਟਨ ਸਕੱਤਰ ਰੈੱਡ ਕਰਾਸ ਸੁਸਾਇਟੀ ਕਪੂਰਥਲਾ ਆਰ ਸੀ ਬਿਰਹਾ ਵਲੋਂ ਕੀਤਾ ਗਿਆ। ਕੈਂਪ ਦੌਰਾਨ 31 ਵਾਲੰਟੀਅਰਾਂ ਵੱਲੋਂ ਖੂਨਦਾਨ ਕੀਤਾ ਗਿਆ ਤੇ ਸਮੂਹ ਖੂਨਦਾਨੀਆਂ ਨੂੰ ਸਰਟੀਫ਼ਿਕੇਟ ਦਿੱਤੇ ਗਏ। ਇਸ ਮੌਕੇ ਮਲਕੀਅਤ ਸਿੰਘ ਰਘਬੋਤਰਾ ਪ੍ਰਧਾਨ ਬਲੱਡ ਡੋਨਰਜ਼ ਕੌਂਸਲ ਫਗਵਾੜਾ, ਸ੍ਰੀ ਹਰਬੰਸ ਲਾਲ, ਗੁਰਮੀਤ ਪਲਾਹੀ, ਤਾਰਾ ਚੰਦ ਚੁੰਬਰ, ਮੋਹਨ ਲਾਲ ਤਨੇਜਾ ਤੇ ਡੀਟੀਐਸ, ਰੈੱਡ ਕਰਾਸ ਸੁਸਾਇਟੀ ਕਪੂਰਥਲਾ ਸ਼ਾਮਲ ਹੋਏ। -ਪੱਤਰ ਪ੍ਰੇਰਕ
ਐੱਸਟੀਐੱਸ ਵਰਲਡ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਗੁਰਾਇਆ: ਸੀਬੀਐੱਸਈ ਦੇ 10ਵੀਂ ਅਤੇ 12ਵੀਂ ਦੇ ਨਤੀਜਿਆਂ ਵਿੱਚ ਐੱਸਟੀਐੱਸ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦਸਵੀਂ ਵਿੱਚ ਗੁਰਵੀਰ ਸਿੰਘ ਨੇ 96.4 ਫੀਸਦ ਅੰਕਾਂ ਨਾਲ ਪਹਿਲਾ , ਹਰਜੋਤ ਸਿੰਘ ਨੇ (95.4 ਫੀਸਦ) ਦੂਜਾ ਸਥਾਨ, ਪ੍ਰਭਜੀਤ ਸਿੰਘ ਨੇ (93.6 ਫੀਸਦ) ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਬਾਰਵੀਂ ਵਿੱਚ ਕਾਮਰਸ ਵਿੱਚ ਨੰਦਨੀ ਬਾਲਾ ਨੇ 93 ਫੀਸਦ, ਜਸਲੀਨ ਕੌਰ ਨੇ 89 ਫੀਸਦ, ਸਮਨਪ੍ਰੀਤ ਕੌਰ ਨੇ 88 ਫੀਸਦ ਅੰਕ ਹਾਸਲ ਕੀਤੇ। ਮੈਡੀਕਲ ਵਿੱਚ ਕਰਮਜੋਤ ਸਿੰਘ ਢੇਸੀ ਨੇ 91 ਫੀਸਦ, ਨਿਖਿਲ ਸਿਮਕ ਨੇ 90.6 ਫੀਸਦ, ਸੁਖਦੀਪ ਨੇ 89 ਫੀਸਦ ਹਾਸਲ ਕੀਤੇ। ਪ੍ਰਿੰਸੀਪਲ ਪ੍ਰਭਜੋਤ ਗਿੱਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। -ਨਿੱਜੀ ਪੱਤਰ ਪ੍ਰੇਰਕ
ਐਕਸੀਅਨ ਧਾਲੀਵਾਲ ਨੇ ਅਹੁਦਾ ਸੰਭਾਲਿਆ
ਪਠਾਨਕੋਟ: ਵਾਟਰ ਸਪਲਾਈ ਸੈਨੀਟੇਸ਼ਨ ਮੰਡਲ-1 ਪਠਾਨਕੋਟ ਦੇ ਨਵ-ਨਿਯੁਕਤ ਐਕਸੀਅਨ ਸੁਖਦੀਪ ਸਿੰਘ ਧਾਲੀਵਾਲ ਨੇ ਅੱਜ ਅਹੁਦਾ ਸੰਭਾਲ ਲਿਆ। ਇਸ ਮੌਕੇ ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਵਫਦ ਨੇ ਉਨ੍ਹਾਂ ਦਾ ਬੁੱਕਾ ਦੇ ਕੇ ਸਵਾਗਤ ਕੀਤਾ। ਇਸ ਮੌਕੇ ਐਸਡੀਓ ਸੰਜੀਵ ਸੈਣੀ, ਐਸਡੀਓ ਰਮੇਸ਼ ਚੰਦਰ, ਲੇਖਾਕਾਰ ਮਾਨਸ, ਪ੍ਰਧਾਨ ਰਾਜਿੰਦਰ ਕੁਮਾਰ, ਪਰਵੈਲ ਸਿੰਘ, ਸੁਪਰਡੈਂਟ ਸਵਰਨ ਸਿੰਘ, ਅੰਮ੍ਰਿਤਪਾਲ ਸ਼ਰਮਾ, ਮੋਹਨ ਸਿੰਘ, ਸੁਰੇਸ਼ ਕੁਮਾਰ ਆਦਿ ਸਟਾਫ ਮੈਂਬਰ ਹਾਜ਼ਰ ਸਨ। ਐਕਸੀਅਨ ਸੁਖਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਡਲ ਬਟਾਲਾ ਨਾਲ ਵਾਧੂ ਚਾਰਜ ਵਾਟਰ ਸਪਲਾਈ ਸੈਨੀਟੇਸ਼ਨ ਮੰਡਲ ਪਠਾਨਕੋਟ ਦਾ ਵੀ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ
ਅੱਜ ਬਿਜਲੀ ਬੰਦ ਰਹੇਗੀ
ਮੁਕੇਰੀਆਂ: ਲਾਈਨਾਂ ਦੀ ਜ਼ਰੂਰੀ ਮੁਰੰਮਤ ਲਈ ਪੌਂਗ ਡੈਮ ਤੋਂ ਸਪਲਾਈ ਬੰਦ ਹੋਣ ਕਰਕੇ 15 ਮਈ ਨੂੰ 66 ਕੇ ਵੀ ਸਬ-ਸਟੇਸ਼ਨ ਤਲਵਾੜਾ ਅਤੇ 66 ਕੇ ਵੀ ਸਬ ਸਟੇਸ਼ਨ ਅਮਰੋਹ ਤੋਂ ਚੱਲਦੇ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਉੱਪ ਮੰਡਲ ਅਫਸਰ ਦਾਤਾਰਪੁਰ ਇੰਜੀਨੀਅਰ ਰਾਮ ਲਾਲ ਨੇ ਦੱਸਿਆ ਕਿ ਇਨ੍ਹਾਂ ਸਬ-ਸਟੇਸ਼ਨਾਂ ਤੋਂ ਚੱਲਦੇ 11 ਕੇਵੀ ਫੀਡਰ ਦਾਤਾਰਪੁਰ, ਕਮਾਹੀ ਦੇਵੀ ਅਤੇ ਅਮਰੋਹ ਅਧੀਨ ਆਉਂਦੇ ਪਿੰਡਾਂ ਦਾਤਾਰਪੁਰ, ਦੇਪੁਰ, ਰੇਪੁਰ, ਦਲਵਾਲੀ, ਪੱਸੀ ਕਰੋੜਾ, ਬਡਾਲਾ, ਰੱਕੜੀ, ਨਮੋਲੀ, ਭਡਿਆਰਾਂ, ਨੱਥੂਵਾਲ, ਨੌਸ਼ਿਹਰਾ, ਬਹਿ ਲੱਖਣ, ਬਹਿ ਕੀਤੋ, ਹੀਰ ਬਹਿ, ਬਾੜੀ, ਬਹਿ ਰੰਗਾ, ਕਮਾਹੀ ਦੇਵੀ, ਲੱਬਰ, ਪੋਹਾਰੀ, ਬਹਿ ਨੰਗਲ, ਬਹਿ ਗੁਸ਼ਾਲਾ, ਬਹਿ ਚੂਹੜ, ਕੋਠੀ, ਨੌਰੰਗਪੁਰ, ਚਮੂਹੀ, ਬੇੜਿੰਗ ਅਤੇ ਸੁਖਚੈਨਪੁਰ ਆਦਿ ਪਿੰਡਾਂ ਦੀ ਸਪਲਾਈ ਭਲਕੇ ਸਵੇਰੇ ਦਸ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਬੰਦ ਰਹੇਗੀ। -ਪੱਤਰ ਪ੍ਰੇਰਕ