ਹੜ੍ਹਾਂ ਮਗਰੋਂ ਹੋਰ ਮੁਸੀਬਤ: ਕਿਸਾਨਾਂ ਨੂੰ ਨਹੀਂ ਮਿਲ ਰਹੀ ਡੀ ਏ ਪੀ ਖਾਦ
ਸਰਹੱਦੀ ਤਹਿਸੀਲ ਅਜਨਾਲਾ ਵਿੱਚ ਭਿਆਨਕ ਹੜਾਂ ਤੋਂ ਬਾਅਦ ਜਿੱਥੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਉੱਥੇ ਹੀ ਅਗਾਮੀ ਬੀਜਣ ਵਾਲੀ ਫਸਲ ਕਣਕ ਦੀ ਬਿਜਾਈ ਕਰਦੇ ਸਮੇਂ ਵਰਤੀ ਜਾਣ ਵਾਲੀ ਖਾਦ ਡੀਏਪੀ ਨਾ ਮਿਲਣ ਕਾਰਨ ਕਿਸਾਨ ਭਾਰੀ ਪ੍ਰੇਸ਼ਾਨੀ ਵਿੱਚ ਹਨ। ਜਦਕਿ ਦੁਕਾਨਦਾਰ ਖਾਦ ਦੇ ਨਾਲ ਹੋਰ ਬੇਲੋੜੀਆਂ ਚੀਜ਼ਾਂ ਕਿਸਾਨਾਂ ਨੂੰ ਲੈਣ ਲਈ ਕਹਿ ਰਹੇ ਹਨ।
ਕਿਸਾਨ ਬਲਜਿੰਦਰ ਸਿੰਘ, ਹਰਪਾਲ ਸਿੰਘ ਨੇ ਦੱਸਿਆ ਬਾਜ਼ਾਰ ਵਿੱਚ ਖਾਦ ਅਤੇ ਬੀਜ ਵਿਕਰੇਤਾ ਦੁਕਾਨਦਾਰ ਕਿਸਾਨਾਂ ਨੂੰ ਡੀਏਪੀ ਖਾਦ ਕੰਟਰੋਲ ਰੇਟ 1350 ਦੀ ਬਜਾਏ 1800 ਰੁਪਏ ਪ੍ਰਤੀ ਬੋਰੀ ਦੇ ਰਹੇ ਹਨ ਅਤੇ ਇਹ ਖਾਦ ਦੇਣ ਬਦਲੇ ਇਸ ਨਾਲ ਨਦੀਨਨਾਸ਼ਕ ਅਤੇ ਹੋਰ ਖਾਦਾਂ ਲੈਣ ਲਈ ਮਜਬੂਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਹਿਕਾਰੀ ਕੋ ਆਪਰੇਟਿਵ ਸੁਸਾਇਟੀਆਂ ਤੇ ਡੀਏਪੀ ਖਾਦ ਮੌਜੂਦ ਹੈ ਪਰ ਉਹ ਸੁਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਆਮ ਕਿਸਾਨਾਂ ਨੂੰ ਨਹੀਂ ਮਿਲ ਰਹੀ ਜਿਸ ਕਾਰਨ ਕਿਸਾਨ ਭਾਰੀ ਪਰੇਸ਼ਾਨੀ ਵਿੱਚ ਹਨ ਅਤੇ ਆਉਣ ਵਾਲੇ ਕਣਕ ਦੀ ਬਿਜਾਈ ਕਰਨ ਤੋਂ ਅਸਮਰਥ ਜਾਪ ਰਹੇ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਦੁਕਾਨਦਾਰਾਂ ਵੱਲੋਂ ਵੱਧ ਮੁੱਲ ਦੇ ਵਿੱਚ ਦਿੱਤੀ ਜਾ ਰਹੀ ਖਾਦ ਅਤੇ ਬੇਲੋੜੀਆਂ ਚੀਜ਼ਾਂ ਦੇਣੀਆਂ ਬੰਦ ਕਰਵਾਏ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਧਨਵੰਤ ਸਿੰਘ ਖਤਰਾਏ ਕਲਾ ਨੇ ਕਿਹਾ ਕਿ ਦੁਕਾਨਦਾਰਾਂ ਵੱਲੋਂ ਡੀਏਪੀ ਖਾਦ ਦੇ ਨਾਲ ਬੇਲੋੜੀਆਂ ਚੀਜ਼ਾਂ ਦੇ ਕੇ ਕਾਲਾਬਜ਼ਾਰੀ ਕੀਤੀ ਜਾ ਰਹੀ ਹੈ।
ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਕਰਾਂਗੇ: ਮੁੱਖ ਖੇਤੀਬਾੜੀ ਅਫਸਰ
ਮੁੱਖ ਖੇਤੀਬਾੜੀ ਅਫਸਰ ਬਲਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਡੀਏਪੀ ਖਾਦ ਦਾ ਵੱਧ ਭਾਅ ਵਸੂਲਣ ਅਤੇ ਕਿਸਾਨਾਂ ਨੂੰ ਖਾਦ ਦੇ ਨਾਲ ਬੇਲੋੜੀਆਂ ਚੀਜ਼ਾਂ ਦੇਣੀਆਂ ਨਿਯਮਾਂ ਦੇ ਬਿਲਕੁੱਲ ਉਲਟ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।