ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਨੈਤਿਕ ਸਿੱਖਿਆ ਇਮਤਿਹਾਨ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੁਸ਼ਿਆਰਪੁਰ ਜ਼ੋਨ ਵੱਲੋਂ ਕਰਵਾਏ ਗਏ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਹੁਸ਼ਿਆਰਪੁਰ ਜ਼ੋਨ ਦੇ 61 ਸਕੂਲਾਂ ਦੇ ਤਕਰੀਬਨ 4450 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਸਬੰਧੀ ਜ਼ੋਨਲ ਸਕੱਤਰ ਜਗਜੀਤ ਸਿੰਘ ਗਣੇਸ਼ਪੁਰ ਅਤੇ ਪ੍ਰਧਾਨ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਸਕੂਲਾਂ ਵਿੱਚ ਬਾਰਿਸ਼ ਦਾ ਪਾਣੀ ਭਰ ਜਾਣ ਕਾਰਨ ਇਮਤਿਹਾਨ ਨਹੀਂ ਲਿਆ ਜਾ ਸਕਿਆ ਜਿਨ੍ਹਾਂ ਲਈ ਜਲਦੀ ਹੀ ਬਦਲਵੇਂ ਪ੍ਰਬੰਧ ਕੀਤੇ ਜਾਣਗੇ। ਵਧੀਕ ਸਕੱਤਰ ਡਾ. ਅਰਬਿੰਦ ਸਿੰਘ ਧੂਤ ਤੇ ਹਰਵਿੰਦਰ ਸਿੰਘ ਨੰਗਲ ਈਸ਼ਰ ਨੇ ਦੱਸਿਆ ਕਿ ਇਮਤਿਹਾਨ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀਆਂ ਉੱਤਰ ਕਾਪੀਆਂ ਦਾ ਮੁਲਾਂਕਣ ਕਰਕੇ ਨਤੀਜਾ ਜਾਰੀ ਕੀਤਾ ਜਾਵੇਗਾ ਅਤੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਨਕਦ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤਕਰੀਬਨ ਪਿਛਲੇ ਪੰਜ ਦਹਾਕਿਆਂ ਤੋਂ ਗੁਰੂ ਸਾਹਿਬ ਵਲੋਂ ਦਰਸਾਏ ਮਾਰਗ ’ਤੇ ਚੱਲਦਿਆਂ ਅਕਾਦਮਿਕ, ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਸਰਗਰਮ ਹੈ। ਇਸ ਮੌਕੇ ਪ੍ਰਿੰਸੀਪਲ ਰੁਪਿੰਦਰਜੋਤ ਸਿੰਘ, ਡਾ. ਪਰਦੀਪ ਸਿੰਘ, ਸਰਬਜੀਤ ਸਿੰਘ, ਸੁਰਿੰਦਰ ਸਿੰਘ ਆਦਿ ਦਾ ਮੌਜੂਦ ਸਨ।