ਬਿਜਲੀ ਸੋਧ ਬਿੱਲ ਖ਼ਿਲਾਫ਼ ਧਰਨਿਆਂ ਲਈ ਲਾਮਬੰਦੀ
ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਗੁਰਮੇਸ਼ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ। ਮੀਟਿੰਗ ਵਿੱਚ ਹੋਰ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਮੋਰਚੇ ਦੇ ਮੈਂਬਰ ਹਰਬੰਸ ਸਿੰਘ ਸੰਘਾ ਨੇ ਦੱਸਿਆ ਕਿ ਮੋਰਚੇ ਦੇ ਫੈਸਲੇ ਮੁਤਾਬਿਕ 8 ਦਸੰਬਰ ਨੂੰ ਸਾਰੀਆਂ ਬਿਜਲੀ ਬੋਰਡ ਦੀਆਂ ਸਬ-ਡਿਵੀਜ਼ਨਾਂ ਅੱਗੇ 12 ਤੋਂ 3 ਵਜੇ ਤੱਕ ਧਰਨੇ ਦਿੱਤੇ ਜਾਣਗੇ। ਇਸ ਤੋਂ ਬਾਅਦ ਬਿਜਲੀ ਸੋਧ 2025 ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਸੰਘਾ ਨੇ ਕਿਹਾ ਕਿ ਇਸ ਬਿੱਲ ਦੇ ਲਾਗੂ ਹੋਣ ਨਾਲ ਸਾਰੀਆਂ ਸਬਸਿਡੀਆਂ ਬੰਦ ਕੀਤੀਆਂ ਜਾਣਗੀਆਂ ਅਤੇ ਬਿਜਲੀ ਮਹਿਕਮੇ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤਾ ਜਾਵੇਗਾ। ਮੀਟਿੰਗ ਦੌਰਾਨ ਬਿਜਲੀ ਵਿਭਾਗ ਦੇ ਕਰਮਚਾਰੀਆਂ ਨਾਲ ਸੰਪਰਕ ਕਰਕੇ ਸਥਾਨਕ ਜੰਲਧਰ ਰੋਡ ਸਥਿਤ ਬਿਜਲੀ ਦਫ਼ਤਰ ਅਤੇ ਅੱਤੋਵਾਲ ਸਬ ਡਵੀਜਨ ਮਰਨਾਈਆ ਵਿੱਚ ਧਰਨਾ ਦੇ ਕੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜਣ ਦਾ ਵੀ ਫੈਸਲਾ ਲਿਆ ਗਿਆ। ਮੀਟਿੰਗ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜਗਤਾਰ ਸਿੰਘ ਭਿੰਡਰ, ਕਿਸਾਨ ਕਮੇਟੀ ਦੋਆਬਾ ਦੇ ਹਰਬੰਸ ਸਿੰਘ ਸੰਘਾ, ਕੁੱਲ ਹਿੰਦ ਕਿਸਾਨ ਸਭਾ ਦੇ ਗੁਰਮੇਸ਼ ਸਿੰਘ, ਜਮਹੂਰੀ ਕਿਸਾਨ ਸਭਾ ਦੇ ਮਲਕੀਤ ਸਿੰਘ, ਮੁਲਾਜ਼ਮ ਆਗੂ ਸਤੀਸ਼ ਰਾਣਾ, ਧੰਨਪਤ, ਸੀਟੂ ਆਗੂ ਵਿਸ਼ਾਲ ਗੁਪਤਾ ਆਦਿ ਸ਼ਾਮਲ ਸਨ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਪਾਵਰਕੌਮ ਦੀ ਸਬ-ਡਿਵੀਜ਼ਨ ਢੰਡੋਵਾਲ (ਸ਼ਾਹਕੋਟ) ਵਿੱਚ ਅੱਜ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿੱਚ 8 ਦਸੰਬਰ ਨੂੰ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਸਾੜਨ ਅਤੇ ਧਰਨਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ। ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਕਪੂਰਥਲਾ ਦੇ ਸਕੱਤਰ ਰੁਪਿੰਦਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਚਾਹਲ ਨੇ ਦੱਸਿਆ ਕਿ ਕੇਂਦਰ ਤੇ ਸੂਬਾ ਸਰਕਾਰ ਬਿਜਲੀ ਸੋਧ ਬਿੱਲ 2025 ਨੂੰ ਲਾਗੂ ਕਰਕੇ ਸਮੁੱਚੇ ਪਾਵਰਕੌਮ ਨੂੰ ਨਿੱਜੀ ਹੱਥਾਂ ਵਿਚ ਦੇਣਾ ਚਾਹੁੰਦੀ ਹੈ। ਬਿਜਲੀ ਵਿਭਾਗ ਨੂੰ ਬਚਾਉਣ ਲਈ ਮਜ਼ਦੂਰ, ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਨੇ ’ਚ 8 ਦਸੰਬਰ ਨੂੰ ਪਾਵਰਕੌਮ ਦੀਆਂ ਸਬ-ਡਿਵੀਜ਼ਨਾਂ ’ਚ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਸਾੜਨ ਅਤੇ ਮੁਜ਼ਾਹਰੇ ਕਰਨ ਦਾ ਫੈਸਲਾ ਕੀਤਾ ਹੈ।
