ਵਿਧਾਇਕ ਸ਼ੇਰੋਵਾਲੀਆ ਵੱਲੋਂ ਬਲਾਕ ਲੋਹੀਆਂ ’ਚ ਪ੍ਰਚਾਰ
14 ਦਸੰਬਰ ਨੂੰ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਤਿੀ ਚੋਣਾਂ ਦਾ ਕਾਂਗਰਸ ਪਾਰਟੀ ਨੇ ਚੋਣ ਮੁਹਿੰਮ ਨੂੰ ਭਖਾ ਦਿਤਾ ਹੈ। ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਹਲਕਾ ਸ਼ਾਹਕੋਟ ਦੇ ਬਲਾਕ ਸ਼ਾਹਕੋਟ, ਲੋਹੀਆਂ ਖਾਸ ਅਤੇ ਮਹਿਤਪੁਰ ਦੀ ਕਮਾਨ ਖੁਦ ਸੰਭਾਲੀ ਹੋਈ ਹੈ। ਵਿਧਾਇਕ ਨੇ ਅੱਜ ਬਲਾਕ ਲੋਹੀਆਂ ਖਾਸ ਦੇ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੇ ਜ਼ੋਨਾਂ ਅੰਦਰ ਆਉਂਦੇ ਪਿੰਡ ਤਲਵੰਡੀ ਮਾਧੋ, ਚੱਕ ਚੇਲਾ, ਰੂਪੇਵਾਲ, ਬਾੜਾ ਬੁੱਧ ਸਿੰਘ, ਜਲਾਲਪੁਰ ਕਲਾਂ, ਕੰਗ ਖੁਰਦ ਅਤੇ ਨਵਾਂ ਪਿੰਡ ਖਾਲੇਵਾਲ ਵਿੱਚ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਗੁਰਦੀਪ ਸਿੰਘ ਜੱਕੋਪੁਰ ਕਲਾਂ ਤੇ ਮਨਪ੍ਰੀਤ ਕੌਰ ਅਤੇ ਪੰਚਾਇਤ ਸਮਿਤੀ ਉਮੀਦਵਾਰ ਦੇਸ ਰਾਜ, ਮਨਦੀਪ ਕੌਰ ਜੰਮੂ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਪਰਮਿੰਦਰ ਕੌਰ ਅਤੇ ਬਲਕਾਰ ਸਿੰਘ ਦੇ ਹੱਕ ਵਿੱਚ ਭਰਵੀਆਂ ਚੋਣ ਮੀਟਿਗਾਂ ਕੀਤੀਆਂ। ਸ਼ੇਰੋਵਾਲੀਆ ਨੇ ਪਿੰਡਾਂ ਵਿਚ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ‘ਆਪ’ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਕੇ ਲੋਕਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ। ਉਨ੍ਹਾਂ ਨੇ ਕਾਂਗਰਸ ਸਰਕਾਰ ਸਮੇਂ ਹਲਕੇ ਦੇ ਕਰਵਾਏ ਵਿਕਾਸ ਕੰਮਾਂ ਦਾ ਜ਼ਿਕਰ ਕਰਦਿਆ ਲੋਕਾਂ ਨੂੰ ਸੱਦਾ ਦਿਤਾ ਕਿ ਉਹ ਪਿੰਡਾਂ ਦੇ ਹੋਰ ਵਿਕਾਸ ਲਈ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ।
