ਵਿਧਾਇਕ ਨੇ ਸਟੋਨ ਕਰੱਸ਼ਰ ਖ਼ਿਲਾਫ਼ ਮੋਰਚਾ ਖੋਲ੍ਹਿਆ
ਵਿਧਾਇਕ ਕਰਮਬੀਰ ਘੁੰਮਣ ਨੇ ਨੀਮ ਪਹਾੜੀ ਪਿੰਡ ਭੋਲ ਬਦਮਾਣੀਆਂ ਵਿਚ ਪਹਾੜਾਂ ਨੂੰ ਕੱਟ ਕੇ ਲਗਾਏ ਜਾ ਰਹੇ ਨਵੇਂ ਸਟੋਨ ਕਰੱਸ਼ਰ ਦਾ ਵਿਰੋਧ ਕੀਤਾ ਹੈ। ਦੂਜੇ ਪਾਸੇ ਵਿਰੋਧੀ ਧਿਰ ਤੇ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਨੇ ਵਿਧਾਇਕ ਦੀ ਕਾਰਵਾਈ ਨੂੰ ਡਰਾਮਾ ਕਰਾਰ ਦਿੱਤਾ ਹੈ।
ਅੱਜ ਵਿਧਾਇਕ ਆਪਣੇ ਸਮਰਥਕਾਂ ਅਤੇ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਮੈਂਬਰਾਂ ਨਾਲ ਉਕਤ ਸਟੋਨ ਕਰੱਸ਼ਰ ’ਤੇ ਪਹੁੰਚੇ। ਮੀਡੀਆ ਨਾਲ ਮੁਖਾਤਿਬ ਹੁੰਦਿਆਂ ਵਿਧਾਇਕ ਘੁੰਮਣ ਨੇ ਉਕਤ ਸਟੋਨ ਕਰੱਸ਼ਰ ਨੂੰ ਨਾ ਚੱਲਣ ਦੀ ਗੱਲ ਆਖੀ। ਉਨ੍ਹਾਂ ਦਾਅਵਾ ਕੀਤਾ ਕਿ ਗੁਰੂ ਸਟੋਨ ਕਰੱਸ਼ਰ ਕਾਂਗਰਸ ਦੇ ਆਗੂਆਂ ਦੀ ਜ਼ਮੀਨ ’ਤੇ ਲਗਾਇਆ ਜਾ ਰਿਹਾ ਹੈ। ਇਸ ਕਰੱਸ਼ਰ ਨੂੰ ਇਤਰਾਜ਼ਹੀਣਤਾ ਸਰਟੀਫਿਕੇਟ (ਐਨਓਸੀ) ਸਾਲ 2021 ਵਿੱਚ ਕਾਂਗਰਸ ਸਰਕਾਰ ਨੇ ਹੀ ਦਿੱਤੀ ਸੀ। ‘ਆਪ’ ਸਰਕਾਰ ਕਰੱਸ਼ਰ ਬੰਦ ਕਰਵਾਉਣ ਵਾਲੀ ਹੈ ਨਾ ਕਿ ਚਲਾਉਣ ਵਾਲੀ। ਸਵਾਲ ਦੇ ਜਵਾਬ ’ਚ ਉਨ੍ਹਾਂ ਤਲਵਾੜਾ ਖ਼ੇਤਰ ’ਚ ਨਾਜਾਇਜ਼ ਚੱਲਦੇ ਸਾਰੇ ਕਰੱਸ਼ਰਾਂ ’ਤੇ ਕਾਰਵਾਈ ਕਰਨ ਦੀ ਗੱਲ ਆਖੀ। ਵਿਧਾਇਕ ਘੁੰਮਣ ਦੀ ਕਾਰਵਾਈ ’ਤੇ ਵਿਰੋਧੀਆਂ ਨੇ ਤਨਜ਼ ਕੱਸਦਿਆਂ ਕਿਹਾ ਕਿ ਚਾਰ ਸਾਲ ਲੁੱਟ ਕਰਨ ਤੋਂ ਬਾਅਦ ਵਿਧਾਇਕ ਨੂੰ ਖ਼ੇਤਰ ’ਚ ਨਾਜਾਇਜ਼ ਮਾਈਨਿੰਗ ਅਤੇ ਕਰੱਸ਼ਰਾਂ ਕਾਰਨ ਹੋਏ ਨੁਕਸਾਨ ਦੀ ਯਾਦ ਆਈ ਹੈ।
ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਰੁਣ ਕੁਮਾਰ ਮਿੱਕੀ ਡੋਗਰਾ ਨੇ ਕਿਹਾ ਕਿ ਉਕਤ ਕਰੱਸ਼ਰ ਵਾਲੀ ਜ਼ਮੀਨ ਦੀ ਰਜਿਸਟਰੀ 2023 ਵਿਚ ‘ਆਪ’ ਸਰਕਾਰ ਦੇ ਕਾਰਜਕਾਲ ਵਿੱਚ ਹੋਈ ਹੈ। ਕਰੱਸ਼ਰ ਸਥਾਪਿਤ ਕਰਨ ਲਈ ਪੰਜਾਬ ਸਰਕਾਰ ਨੇ 2024 ਤੋਂ 2026 ਤੱਕ ਮਾਨਤਾ ਦਿੱਤੀ ਹੋਈ ਹੈ। ਕਿਸੇ ਵੀ ਜ਼ਮੀਨ ’ਤੇ ਰਜਿਸਟਰੀ ਤੋਂ ਪਹਿਲਾਂ ਕਰੱਸ਼ਰ ਸਥਾਪਿਤ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਆਪਣੀਆਂ ਨਾਕਾਮੀਆਂ ਦਾ ਠੀਕਰਾ ਕਾਂਗਰਸ ਸਿਰ ਮੜਨਾ ‘ਆਪ’ ਦੀ ਪੁਰਾਣੀ ਆਦਤ ਹੈ।
ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਆਗੂ ਅਮੋਲਕ ਹੁੰਦਲ ਨੇ ਕਿਹਾ ਕਿ 4 ਸਾਲਾਂ ’ਚ ਕੰਢੀ ਖ਼ੇਤਰ ਵਿਚ ਖੂਬ ਲੁੱਟ ਮਚਾਈ ਗਈ। ਵਿਧਾਇਕ ’ਚ ਇੱਕ ਦਮ ਆਈ ਤਬਦੀਲੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਸਮਾਜ ਸੇਵਕ ਨਿਰਮਲ ਸਿੰਘ ਨੇ ਕਿਹਾ ਕਿ ਖਣਨ ਦਾ ਵਿਰੋਧ ਕਰਨ ਵਾਲੇ ਲੋਕਾਂ ’ਤੇ ਝੂਠੇ ਕੇਸ ਪਾਏ ਜਾ ਰਹੇ ਹਨ। ਦੂਜੇ ਪਾਸੇ ਵਿਧਾਇਕ ਹੋਰ ਗੱਲਾਂ ਕਰ ਰਹੇ ਹਨ। ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਨੇ ਦੱਸਿਆ ਕਿ ਨਿਗਰਾਨ ਇੰਜਨੀਅਰ ਜਿਓਲਾਜੀਕਲ ਕਮ ਮਾਈਨਿੰਗ ਵਿਭਾਗ ਦੇ ਤਲਵਾੜਾ ਖ਼ੇਤਰ ’ਚ ਚੱਲਦੇ ਸਾਰੇ ਕਰੱਸ਼ਰ ਹੀ ਨਾਜਾਇਜ਼ ਹਨ। ਵਿਧਾਇਕ ਘੁੰਮਣ ਨੇ ਜਿਹੜੇ ਦੋ ਕਰੱਸ਼ਰ ਬਰਾੜ ਤੇ 52 ਗੇਟਾਂ ਦੇ ਕੋਲ ਬੰਦ ਹੋਣ ਦਾ ਦਾਅਵਾ ਕੀਤਾ ਹੈ, ਉਹ ਅੱਜ ਵੀ ਚੱਲ ਰਹੇ ਹਨ। ਸੰਘਰਸ਼ ਕਮੇਟੀ ਪਿਛਲੇ ਕਰੀਬ ਡੇਢ ਸਾਲ ਤੋਂ ਭੋਲ ਬਦਮਾਣੀਆਂ ਵਿਖੇ ਲੱਗ ਰਹੇ ਸਟੋਨ ਕਰੱਸ਼ਰ ਨੂੰ ਬੰਦ ਕਰਵਾਉਣ ਲਈ ਜੱਦੋ ਜਹਿਦ ਕਰ ਰਹੀ ਹੈ।