ਵਿਧਾਇਕ ਵੱਲੋਂ ਸਵੱਛ ਪਾਣੀ ਪ੍ਰਾਜੈਕਟ ਦਾ ਨੀਂਹ ਪੱਥਰ
ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਲੋਕਾਂ ਨੂੰ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ 27 ਕਰੋੜ 34 ਲੱਖ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਇੱਥੋਂ ਦੇ ਸੇਂਟ ਫਰਾਂਸਿਸ ਸਕੂਲ ਨੇੜੇ ਨੀਂਹ-ਪੱਥਰ ਰੱਖਿਆ। ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਅੰਮ੍ਰਿਤ-2 ਤਹਿਤ 27 ਕਰੋੜ 34 ਦੀ ਲਾਗਤ ਵਾਲੇ ਇਸ ਪ੍ਰਾਜੈਕਟ ਤਹਿਤ ਪਾਣੀ ਦੀਆਂ ਦੋ ਵੱਡੀਆਂ ਟੈਂਕੀਆਂ ਕ੍ਰਮਵਾਰ ਦੋ ਲੱਖ ਤੇ ਡੇਢ ਲੱਖ ਗੈਲਨ ਸਮਰੱਥਾ ਵਾਲੀਆਂ ਹੋਣਗੀਆਂ। ਵਾਟਰ ਸਪਲਾਈ ਲਾਈਨ 69.09 ਕਿਲੋਮੀਟਰ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਨਾਲ 10,130 ਹਾਊਸ ਕੂਨੈਕਸ਼ਨ ਸ਼ਾਮਲ ਹਨ। ਸ੍ਰੀ ਕਲਸੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਸਿਰੇ ਲੱਗਣ ਨਾਲ 50 ਹਜ਼ਾਰ ਸਥਾਨਕ ਬਾਸ਼ਿੰਦਿਆਂ ਨੂੰ ਲਾਭ ਮਿਲੇਗਾ। ਉਨ੍ਹਾਂ ਵੱਡੀ ਗਿਣਤੀ ਵਿੱਚ ਜੁੜੇ ਲੋਕਾਂ ਨੂੰ ਦੱਸਿਆ ਕਿ ਸਨਅਤੀ ਨਗਰ ਟਾਲਾ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਥੇ ਨਵੇਂ ਤਹਿਸੀਲ ਕੰਪਲੈਕਸ ਦਾ ਉਦਘਾਟਨ ਜਲਦ ਹੋ ਰਿਹਾ ਹੈ। ਇਸ ਮੌਕੇ ਐੱਸ ਡੀ ਓ ਰਾਜ ਮਸੀਹ, ‘ਆਪ’ ਦੇ ਸੀਨੀਅਰ ਆਗੂ ਮੈਨੇਜਰ ਅੱਤਰ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।
