ਮਨਰੇਗਾ ਵਰਕਰਾਂ ਵੱਲੋਂ ਬੀਡੀਪੀਓ ਦਫ਼ਤਰ ਦਾ ਘਿਰਾਓ
ਮਹਿਤਪੁਰ ਦੇ ਕਈ ਪਿੰਡਾਂ ਦੇ ਮਨਰੇਗਾ ਵਰਕਰਾਂ ਨੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਮੁਜ਼ਾਹਰਾ ਕਰ ਕੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮਹਿਤਪੁਰ ਦਾ ਘਿਰਾਓ ਕੀਤਾ। ਰੈਲੀ ਨੂੰ ਯੂਨੀਅਨ ਆਗੂ ਵਿਜੇ ਬਾਠ, ਕਸ਼ਮੀਰ ਮੰਡਿਆਲਾ, ਬਖਸ਼ੋ ਮੰਡਿਆਲਾ, ਜਸਵਿੰਦਰ ਕੌਰ, ਬਖਸ਼ੋ ਖੁਰਸੈਦਪੁਰ ਤੇ ਸੋਮਾ ਰਾਏਪੁਰ ਗੁੱਜਰਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਭਗਵੰਤ ਮਾਨ ਸਰਕਾਰ ਉੱਪਰ ਮਨਰੇਗਾ ਵਰਕਰਾਂ ਦਾ ਪਿਛਲੇ ਕਈ ਮਹੀਨਿਆਂ ਦਾ ਬਣਦਾ ਮਿਹਨਤਾਨਾ ਨਾ ਦੇਣ ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਦੀ ਪਿਛਲੇ ਕਈ ਮਹੀਨਿਆਂ ਦੀ ਬਣਦੀ ਮਜ਼ਦੂਰੀ ਦੇਣ ਅਤੇ ਉਨ੍ਹਾਂ ਨੂੰ ਕੰਮ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਅਤੇ ਬੇਜ਼ਮੀਨੇ ਲੋਕਾਂ ਦੇ ਰੁਜ਼ਗਾਰ ਲਈ ਸਰਕਾਰ ਕੋਲ ਕੋਈ ਰੋਡ ਮੈਪ ਨਾ ਹੋਣ ਕਾਰਨ ਸੂਬੇ ਦੇ ਪਿੰਡਾਂ ਦਾ ਵਿਕਾਸ ਠੱਪ ਹੋ ਕੇ ਰਹਿ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਵਰਕਰਾਂ ਦਾ ਪਿਛਲੇ ਕਈ ਮਹੀਨਿਆਂ ਦਾ ਰੁਕਿਆ ਮਿਹਨਤਾਨਾ ਜਲਦ ਉਨ੍ਹਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ ਅਤੇ ਬਿਨਾਂ ਕਿਸੇ ਵਿਤਕਰੇ ਤੋਂ ਰੁਜ਼ਗਾਰ ਮੰਗ ਰਹੇ ਮਨਰੇਗਾ ਵਰਕਰਾਂ ਨੂੰ ਕੰਮ ਦਿੱਤਾ ਜਾਵੇ। ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮੇਜਰ ਸਿੰਘ ਧਾਲੀਵਾਲ ਨੇ ਯੂਨੀਅਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮਨਰੇਗਾ ਵਰਕਰਾਂ ਦੀ ਰੁਕੀ ਹੋਈ ਮਜ਼ਦੂਰੀ ਉਨ੍ਹਾਂ ਦੇ ਖਾਤਿਆਂ ਵਿੱਚ ਪਵਾਉਣ ਅਤੇ ਕੰਮ ਦੀ ਮੰਗ ਕਰਨ ਵਾਲਿਆਂ ਨੂੰ ਕੰਮ ਦਿਵਾਉਣ ਲਈ ਲੋੜੀਂਦੇ ਕਦਮ ਚੁੱਕਣਗੇ।