ਮੰਤਰੀ ਭਗਤ ਦੇ ਘਰ ਅੱਗੇ ਲਗਾਏ ਜਾ ਰਹੇ ਧਰਨੇ ਦੀ ਤਿਆਰੀ ਵਜੋਂ ਮੀਟਿੰਗ
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ’ਤੇ ਚਾਰ ਅਗਸਤ ਨੂੰ ਕੈਬਨਿਟ ਮੰਤਰੀ ਮਹਿੰਦਰ ਭਗਤ ਦੀ ਜਲੰਧਰ ਸਥਿਤ ਰਿਹਾਇਸ਼ ਅੱਗੇ ਲਗਾਏ ਜਾ ਰਹੇ ਧਰਨੇ ਦੀ ਤਿਆਰੀ ਵਜੋ ਪਿੰਡ ਮਲਸੀਆਂ ਦੀ ਪੱਤੀ ਸਾਹਲਾ ਨਗਰ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਔਰਤਾਂ ਦੀ ਮੀਟਿੰਗ ਕਰਵਾਈ। ਯੂਨੀਅਨ ਦੀ ਇਕਾਈ ਇਲਾਕਾ ਸ਼ਾਹਕੋਟ-ਨਕੋਦਰ ਦੇ ਸਕੱਤਰ ਸੁਖਜਿੰਦਰ ਲਾਲੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਪਿਛਲੀਆਂ ਸਰਕਾਰਾਂ ਵਾਂਗ ਹੀ ਮਜ਼ਦੂਰਾਂ ਨਾਲ ਵਿਤਕਰੇ ਕਰਨ ਵਾਲੀ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੀ ਪਹਿਲੀਆਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵਾਂਗ ਮਜ਼ਦੂਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਅਣਗੌਲਿਆ ਕਰਦੀ ਆ ਰਹੀ ਹੈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਕਿਹਾ ਕਿ ਔਰਤਾਂ ਦੇ ਖਾਤਿਆਂ ਵਿੱਚ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਪਾਉਣ ਵਾਲੇ ਕੀਤੇ ਵਾਅਦੇ ਤੋਂ ਵੀ ਇਹ ਸਰਕਾਰ ਮੁੱਕਰ ਗਈ ਹੈ। ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਦੇਣ, ਕਰਜ਼ ਮੁਆਫ਼ ਕਰਨ, ਸਮਾਜਿਕ ਤੇ ਸਰਕਾਰੀ ਜ਼ਬਰ ਬੰਦ ਕਰਨ ਅਤੇ ਜ਼ਮੀਨੀ ਸੁਧਾਰ ਕਰਨ ਵਰਗੀਆਂ ਮੰਗਾਂ ’ਤੇ ਮਜ਼ਦੂਰ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਉਨ੍ਹਾਂ ਨੂੰ ਲਾਰੇ ਲਗਾਉਂਦੀ ਆ ਰਹੀ ਹੈ। ਉਨ੍ਹਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਭਰ ਵਿਚ ਲਗਾਏ ਜਾ ਰਹੇ ਮੰਤਰੀਆਂ ਦੇ ਘਰਾਂ ਅੱਗੇ ਧਰਨਿਆਂ ਵਿਚ ਵਹੀਰਾਂ ਘੱਤ ਕੇ ਪੁੱਜਣ।