ਮਾਰਕਸਵਾਦੀ ਪਾਰਟੀ ਵੱਲੋਂ ਸਿਆਸੀ ਕਾਨਫਰੰਸਾਂ ਦਾ ਐਲਾਨ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਤਹਿਸੀਲ ਕਮੇਟੀ ਦੀ ਮੀਟਿੰਗ ਉਪਰੰਤ ਆਗੂਆਂ ਨੇ ਐਲਾਨ ਕੀਤਾ ਕਿ 7 ਦਸੰਬਰ ਨੂੰ ਫਿਲੌਰ ’ਚ ਤਹਿਸੀਲ ਪੱਧਰੀ ਸਿਆਸੀ ਕਾਨਫ਼ਰੰਸ ਕੀਤੀ ਜਾਵੇਗੀ।
ਕੁਲਦੀਪ ਫਿਲੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਸੋਵੀਅਤ ਸੰਘ ’ਚ ਆਏ ਇਨਕਲਾਬ ਨੇ ਦੁਨੀਆ ਨੂੰ ਨਵਾਂ ਸੁਨੇਹਾ ਦਿੱਤਾ ਸੀ ਤੇ ਫਾਸ਼ੀਵਾਦ ਨੂੰ ਨਕਾਰਿਆ ਸੀ। ਸੰਧੂ ਨੇ ਕਿਹਾ ਕਿ ਹੁਣ ਭਾਰਤ ’ਚ ਫਾਸ਼ੀਵਾਦ ਦੇ ਹਮਲੇ ਵਧ ਰਹੇ ਹਨ। ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ ਖ਼ਿਲਾਫ਼ ਮੋਦੀ ਸਰਕਾਰ ਦੇ ਰਾਜ ਦੌਰਾਨ ਹਮਲੇ ਵਧੇ ਹਨ। ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਤੇ ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਕਿਹਾ ਕਿ ਜਨ ਸੰਪਰਕ ਮੁਹਿੰਮ ਤਹਿਤ ਫਿਲੌਰ ’ਚ 7 ਦਸੰਬਰ, ਨਕੋਦਰ ’ਚ 9 ਦਸੰਬਰ, ਜਲੰਧਰ ’ਚ 14 ਦਸੰਬਰ ਅਤੇ ਮਲਸੀਆਂ ਵਿੱਚ 18 ਦਸੰਬਰ ਨੂੰ ਸਿਆਸੀ ਕਾਨਫਰੰਸਾਂ ਕੀਤੀਆਂ ਜਾਣਗੀਆਂ, ਲਹਿਰ ਦੇ ਵਿਛੜੇ ਸਾਥੀਆਂ ਦੀ ਯਾਦ ਨੂੰ ਸਮਰਪਿਤ ਹੋਣਗੀਆਂ। ਇਸ ਮੌਕੇ ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਬਿਲਗਾ ਤੋਂ ਇਲਾਵਾ ਕੁਲਜੀਤ ਫਿਲੌਰ, ਮੇਜਰ ਫਿਲੌਰ, ਕੁਲਦੀਪ ਵਾਲੀਆ ਆਦਿ ਹਾਜ਼ਰ ਸਨ।
