ਸ਼ਹੀਦੀ ਦਿਵਸ: ਨਗਰ ਕੀਰਤਨ ਵਿਜੈਵਾੜਾ ਤੋਂ ਚੇਨੱਈ ਪੁੱਜਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਵਾਸ ਸਬੰਧੀ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਸਿੰਘ ਸਭਾ ਗੁਰੂ ਨਾਨਕ ਕਲੋਨੀ ਵਿਜੈਵਾੜਾ ਆਂਧਰਾ ਪ੍ਰਦੇਸ਼ ਤੋਂ ਚੱਲ ਕੇ ਚੇਨੱਈ (ਤਾਮਿਲ ਨਾਡੂ) ਪੁੱਜ ਗਿਆ।
ਨਗਰ ਕੀਰਤਨ ਦੀ ਰਵਾਨਗੀ ਸਮੇਂ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਨੇ ਸੰਗਤਾਂ ਨਾਲ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਬਾਰੇ ਸਾਂਝ ਪਾਈ। ਉਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਬਾਣੀ ਬਾਣੇ ਦੇ ਧਾਰਨੀ ਹੋਣ ਦੀ ਅਪੀਲ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਪੰਜ ਪਿਆਰੇ ਅਤੇ ਹਾਜ਼ਰ ਪ੍ਰਮੁੱਖ ਸਖਸ਼ੀਅਤਾਂ ਨੂੰ ਸਿਰੋਪਾਓ ਦਿੱਤੇ। ਇਸ ਦੌਰਾਨ ਰਸਤੇ ਵਿਚ ਨਗਰ ਕੀਰਤਨ ਪ੍ਰਤੀ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਵੱਡੀ ਸ਼ਰਧਾ ਦਿਖਾਈ ਅਤੇ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ’ਤੇ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਭੇਟ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਬਲਦੇਵ ਸਿੰਘ ਕਲਿਆਣ, ਮੀਤ ਸਕੱਤਰ ਕੁਲਦੀਪ ਸਿੰਘ ਰੋਡੇ, ਇੰਚਾਰਜ ਗੁਰਮੇਜ ਸਿੰਘ, ਮੈਨੇਜਰ ਨਰਿੰਦਰ ਸਿੰਘ ਮਥਰੇਵਾਲ, ਰਾਮ ਸਿੰਘ ਮੁੰਬਈ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਬਲਜਿੰਦਰ ਸਿੰਘ, ਬੀਬੀ ਹਰਜਿੰਦਰ ਕੌਰ ਕਾਵਲੀ ਗੁਰਦਾਸਪੁਰ, ਸਤਵਿੰਦਰ ਸਿੰਘ, ਬੀਬੀ ਰਣਜੀਤ ਕੌਰ ਸਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।