ਕਰਵਾ ਚੌਥ ਦੇ ਮੱਦੇਨਜ਼ਰ ਬਾਜ਼ਾਰਾਂ ’ਚ ਰੌਣਕਾਂ
ਦੇਸ਼ ਭਰ ’ਚ ਸ਼ੁੱਕਰਵਾਰ ਨੂੰ ਕਰਵਾ ਚੌਥ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ। ਫਗਵਾੜਾ ’ਚ ਵੀ ਇਸ ਤਿਉਹਾਰ ਲਈ ਔਰਤਾਂ ’ਚ ਖਾਸ ਉਤਸ਼ਾਹ ਦੇਖਿਆ ਜਾ ਰਿਹਾ ਹੈ। ਅੱਜ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ’ਚ ਖਰੀਦਦਾਰੀ ਲਈ ਭਾਰੀ ਭੀੜ ਰਹੀ। ਮਹਿਲਾਵਾਂ ਨੇ ਹੱਥਾਂ ’ਤੇ ਮਹਿੰਦੀ ਲਗਵਾਈ, ਚੂੜੀਆਂ, ਸਜਾਵਟੀ ਸਮਾਨ ਤੇ ਰਵਾਇਤੀ ਲਿਬਾਸ ਦੀ ਖਰੀਦਦਾਰੀ ਕੀਤੀ। ਇਹ ਤਿਉਹਾਰ ਸੁਹਾਗ ਦਾ ਪ੍ਰਤੀਕ ਹੈ, ਜਿਸ ’ਚ ਸੁਹਾਗਣਾਂ ਦਿਨ ਭਰ ਨਿਰਜਲਾ ਵਰਤ ਰੱਖਦੀਆਂ ਹਨ ਤੇ ਰਾਤ ਸਮੇਂ ਚੰਦ ਨੂੰ ਅਰਘ ਦੇ ਕੇ ਹੀ ਵਰਤ ਖੋਲ੍ਹਦੀਆਂ ਹਨ ਤੇ ਪਤੀ ਦੀ ਲੰਬੀ ਉਮਰ ਤੇ ਪਰਿਵਾਰਕ ਸੁੱਖ-ਸਮਰਿੱਧੀ ਲਈ ਰੱਖਿਆ ਜਾਣ ਵਾਲਾ ਇਹ ਵਰਤ ਪਤੀ-ਪਤਨੀ ਦੇ ਰਿਸ਼ਤੇ ’ਚ ਪਿਆਰ ਅਤੇ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ।
ਇਹ ਤਿਉਹਾਰ ਹੁਣ ਸਿਰਫ਼ ਰਿਵਾਇਤ ਨਹੀਂ, ਸਗੋਂ ਪ੍ਰੇਮ, ਵਿਸ਼ਵਾਸ ਅਤੇ ਸਮਾਨਤਾ ਦਾ ਪ੍ਰਤੀਕ ਬਣ ਗਿਆ ਹੈ। ਜੇਕਰ ਪਾਰੰਪਰਿਕ ਰੂਪ ’ਚ ਮਨਾਇਆ ਜਾਵੇ ਜਾਂ ਆਧੁਨਿਕ ਸੋਚ ਦੇ ਨਾਲ ਕਰਵਾਚੌਥ ਹਰੇਕ ਦੰਪਤੀ ਦੇ ਜੀਵਨ ’ਚ ਪਿਆਰ ਤੇ ਸਹਿਯੋਗ ਨੂੰ ਮਜ਼ਬੂਤ ਬਣਾਉਂਦਾ ਹੈ। ਕਰਵਾ ਚੌਥ ਦੀ ਹਰ ਵਿਆਹੁਤਾ ਨੂੰ ਬੇਸਬਰੀ ਨਾਲ ਉਡੀਕ ਹੁੰਦੀ ਹੈ। ਹੁਣ ਕਈ ਪੁਰਸ਼ ਵੀ ਆਪਣੀਆਂ ਪਤਨੀਆਂ ਨਾਲ ਵਰਤ ਰੱਖਦੇ ਹਨ। ਇਹ ਪ੍ਰੇਮ, ਸਹਿਯੋਗ ਤੇ ਸਮਾਨਤਾ ਦਾ ਪ੍ਰਤੀਕ ਬਣ ਗਿਆ ਹੈ। ਦੂਜੇ ਪਾਸੇ ਅੱਜ ਬਾਜ਼ਾਰਾਂ ’ਚ ਵੀ ਟਰੈਫ਼ਿਕ ਦੇ ਲੰਬੇ ਜਾਮ ਦੇਖਣ ਨੂੰ ਮਿਲੇ। ਪੁਲੀਸ ਵੱਲੋਂ ਬਾਜ਼ਾਰਾਂ ’ਚੋਂ ਭੀੜ ਨੂੰ ਘਟਾਉਣ ਲਈ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।
ਬਾਜ਼ਾਰਾਂ ਵਿੱਚ ਖਾਣ-ਪੀਣ ਦੀਆਂ ਵਸਤਾਂ ਦੇ ਵਿਸ਼ੇਸ਼ ਸਟਾਲ ਲਗਾਏ ਗਏ, ਜਿੱਥੇ ਦਿਨ ਭਰ ਭੀੜ ਲੱਗੀ ਰਹੀ।