ਮੰਡਿਆਲਾ ਟੈਂਕਰ ਹਾਦਸਾ: ਪੀੜਤਾਂ ਦੇ ਜ਼ਖ਼ਮ ਅਜੇ ਵੀ ਅੱਲ੍ਹੇ
ਪੁਲੀਸ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਗੈਸ ਦਾ ਇਹ ਟੈਂਕਰ ਮੰਡਿਆਲਾ ਸਥਿਤ ਐੱਲ.ਪੀ.ਜੀ ਬਾਟਲਿੰਗ ਪਲਾਂਟ ਤੋਂ ਨਹੀਂ ਬਲਕਿ ਬਠਿੰਡਾ ਤੋਂ ਭਰ ਕੇ ਆ ਰਿਹਾ ਸੀ। ਬਾਟਲਿੰਗ ਪਲਾਂਟ ਦੇ ਅਧਿਕਾਰੀਆਂ ਤੋਂ ਕੀਤੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਹਾਦਸੇ ਦਾ ਕਾਰਨ ਬਣੇ ਟੈਂਕਰ ਦੀ ਇੱਥੇ ਕੋਈ ਐਂਟਰੀ ਹੀ ਨਹੀਂ ਹੋਈ ਸੀ। ਟੈਂਕਰ ਦੇ ਵਿਚ 18 ਮੀਟ੍ਰਿਕ ਟਨ ਗੈਸ ਸੀ। ਟੈਂਕਰ ਦਾ ਗੈਸ ਨਾਲ ਪੂਰਾ ਭਰਿਆ ਹੋਣ ਕਰਕੇ ਇੰਨੀ ਜਬਰਦਸਤ ਅੱਗ ਲੱਗੀ ਕਿ ਪੂਰੀਆਂ ਦੀਆਂ ਪੂਰੀਆਂ ਇਮਾਰਤਾਂ ਤਬਾਹ ਹੋ ਗਈਆਂ ਅਤੇ ਘਰਾਂ ’ਚ ਬੈਠੇ ਲੋਕ ਜਿੰਦਾ ਜਲ ਗਏ। ਘਟਨਾ ਦੇ ਕਾਰਨਾਂ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਵਲੋਂ ਨਿਆਂਇਕ ਜਾਂਚ ਸ਼ੁਰੂ ਕਰਵਾਈ ਗਈ ਸੀ ਪਰ ਅਜੇ ਤੱਕ ਇਸ ਵਿਚ ਜ਼ਿਆਦਾ ਪ੍ਰਗਤੀ ਨਹੀਂ ਹੋਈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਅਜਿਹੇ ਹਾਦਸਿਆਂ ਦੀ ਜਾਂਚ ਲਈ ਪੈਟਰੋਲੀਅਮ ਐਂਡ ਐਕਸਲੋਸਿਵ ਸੇਫ਼ਟੀ ਆਰਗੇਨਾਈਜੇਸ਼ਨ ਦੇ ਕੰਟਰੋਲਰ ਨੂੰ ਭਰੋਸੇ ਵਿੱਚ ਲੈਣਾ ਲਾਜ਼ਮੀ ਹੁੰਦਾ ਹੈ। ਜਾਂਚ ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ ਵਲੋਂ ਇਨ੍ਹਾਂ ਨੂੰ ਪੱਤਰ ਲਿਖਿਆ ਗਿਆ ਹੈ ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਸਰਕਾਰ ਵਲੋਂ ਹਾਦਸੇ ਵਿਚ ਜਾਨਾਂ ਗੁਆਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤਾ ਹੈ ਪਰ ਇਮਾਰਤਾਂ ਦੇ ਹੋਏ ਨੁਕਸਾਨ ਦਾ ਲੇਖਾ ਜੋਖਾ ਅਜੇ ਕੀਤਾ ਜਾ ਰਿਹਾ ਹੈ। ਜਿਨ੍ਹਾਂ ਵਿਅਕਤੀਆਂ ਦੇ ਘਰ ਤੇ ਦੁਕਾਨਾਂ ਅੱਗ ਕਾਰਨ ਨਸ਼ਟ ਹੋ ਗਈਆਂ, ਉਨ੍ਹਾਂ ਨੇ ਮੁੜ ਉਸਾਰੀ ਦਾ ਕੰਮ ਸ਼ੁਰੂ ਕਰ ਲਿਆ ਹੈ ਪਰ ਹਾਦਸੇ ਦੀ ਦਹਿਸ਼ਤ ਅਜੇ ਵੀ ਉਨ੍ਹਾਂ ਦੇੇ ਮਨਾਂ ’ਚ ਬਰਕਰਾਰ ਹੈ।