ਹੜ੍ਹਾਂ ਦੀ ਤਰਾਸਦੀ ’ਚੋਂ ਉਭਰ ਰਿਹਾ ਹੈ ਮੰਡ
ਸੁਲਤਾਨਪੁਰ ਲੋਧੀ ਦੇ ਬਾਊਪੁਰ ਮੰਡ ਇਲਾਕੇ ਵਿੱਚ ਆਏ ਹੜ੍ਹਾਂ ਦੌਰਾਨ ਹੋਈ ਤਬਾਹੀ ਦੇਖ ਕੇ ਰੂਹ ਕੰਬ ਜਾਂਦੀ ਹੈ। ਬਾਊਪੁਰ, ਸਾਂਗਰਾ ਅਤੇ ਰਾਮਪੁਰ ਗੋਹਰਾ ਪਿੰਡ ਬਿਆਸ ਦਰਿਆ ਵਿੱਚ ਹੀ ਆਉਂਦੇ ਹਨ। ਉਂਝ ਮੰਡ ਦੇ 16 ਪਿੰਡਾਂ ਦੀ 3500 ਏਕੜ ਜ਼ਮੀਨ ਹੜ੍ਹ ਦੀ ਲਪੇਟ ਵਿਚ ਆ ਗਈ ਸੀ ਤੇ ਇਸ ਖਿਤੇ ਵਿੱਚ ਝੋਨੇ ਦੀ ਸਾਰੀ ਦੀ ਸਾਰੀ ਫ਼ਸਲ ਤਬਾਹ ਹੋ ਗਈ ਹੈ। ਡੇਢ ਮਹੀਨੇ ਬਾਅਦ ਹੜ੍ਹਾਂ ਨਾਲ ਹੋਈ ਤਬਾਹੀ ਵਿੱਚੋਂ ਮੰਡ ਉਭਰਨ ਲੱਗ ਗਿਆ ਹੈ। ਪੰਜਾਬ ਦੇ ਦੂਜੇ ਕੋਨੇ ਵਿੱਚ ਬੈਠੇ ਪੰਜਾਬੀਆਂ ਨੇ ਕਿਸਾਨੀ ਦਾ ਦਰਦ ਮਹਿਸੂਸ ਕਰਦਿਆਂ ਆਪਣੇ ਟਰੈਕਟਰਾਂ ਦੇ ਮੂੰਹ ਮੰਡ ਵੱਲ ਮੋੜ ਲਏ ਤੇ ਬਾਊਪੁਰ ਮੰਡ ਵਿੱਚ ਆਉਣ ਵਾਲੇ ਟਰੈਕਟਰਾਂ ਦੀ ਗਿਣਤੀ ਵਿੱਚ ਰੋਜ਼ਾਨਾ ਹੋ ਰਿਹਾ ਵਾਧਾ ਪੀੜਤ ਕਿਸਾਨਾਂ ਦੇ ਹੌਸਲੇ ਵਧਾ ਰਿਹਾ ਹੈ। ਬਾਊਪੁਰ ਮੰਡ ਇਲਾਕੇ ਵਿੱਚ ਅੱਠ ਥਾਵਾਂ ਤੋਂ ਬਿਆਸ ਦਰਿਆ ਦੇ ਆਰਜ਼ੀ ਬੰਨ੍ਹ ਟੁੱਟਣ ਨਾਲ ਖੇਤਾਂ ਵਿੱਚ ਢਾਈ ਤੋਂ ਤਿੰਨ ਫੁੱਟ ਤੱਕ ਰੇਤ ਤੇ ਗਾਰ ਚੜ੍ਹ ਗਈ ਹੈ ਤੇ ਕਈ ਖੇਤਾਂ ਵਿਚ ਦਰਿਆ ਨੇ ਡੂੰਘੇ ਟੋਏ ਪਾ ਦਿੱਤੇ ਹਨ। ਪੀੜਤ ਕਿਸਾਨਾਂ ਨੂੰ ਇਹੀ ਚਿੰਤਾ ਸਤਾ ਰਹੀ ਹੈ ਕਿ ਉਨ੍ਹਾਂ ਦੀ ਹਾੜ੍ਹੀ ਦੀ ਫ਼ਸਲ ਕਿਵੇਂ ਬੀਜੀ ਜਾਵੇਗੀ।
ਮੰਡ ਖੇਤਰ ਦੇ ਹੀ ਪਿੰਡ ਭੈਣੀ ਕਾਦਰ ਬਖ਼ਸ਼ ਦੇ ਚਾਰ ਸਕੇ ਭਰਾਵਾਂ ਦੀ ਲਗਪਗ 20 ਏਕੜ ਜ਼ਮੀਨ ਹੜ੍ਹ ਦੀ ਮਾਰ ਹੇਠ ਅਜਿਹੀ ਆਈ ਕਿ ਉਨ੍ਹਾ ਦਾ ਸਾਰਾ ਕੁਝ ਹੀ ਰੁੜ੍ਹ ਗਿਆ। ਪੀੜਤ ਕਿਸਾਨ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਚਾਰ ਭਰਾ ਹਨ ਤੇ ਹਰ ਇੱਕ ਦੇ ਹਿੱਸੇ ਲਗਪਗ ਪੰਜ ਏਕੜ ਦੇ ਕਰੀਬ ਜ਼ਮੀਨ ਆਉਂਦੀ ਹੈ। ਜਸਵੀਰ ਸਿੰਘ ਨੇ ਨਮ ਅੱਖਾਂ ਨਾਲ ਕਿਹਾ ਕਿ 10 ਅਗਸਤ ਦੀ ਰਾਤ ਨੂੰ ਜਿਹੜਾ ਪਹਿਲਾ ਬੰਨ੍ਹ ਟੁੱਟਾ ਸੀ, ਉਹ ਉਨ੍ਹਾਂ ਦੀ ਜ਼ਮੀਨ ਦੇ ਐਨ ਸਾਹਮਣੇ ਤੋਂ ਟੁੱਟਿਆ ਸੀ। ਬੰਨ੍ਹ ਵਿੱਚ ਪਏ ਇਸ ਪਾੜ ਨੇ ਉਨ੍ਹਾਂ ਦੇ ਖੇਤ ਵਿੱਚ 35 ਤੋਂ 40 ਫੁੱਟ ਡੂੰਘਾ ਟੋਆ ਪਾ ਦਿੱਤਾ ਹੈ। ਅੱਧਾ ਟੋਇਆ ਉਸ ਦੇ ਖੇਤ ਵਿੱਚ ਪੈ ਗਿਆ ਤੇ ਅੱਧਾ ਉਸ ਦੇ ਭਰਾ ਦੇ ਖੇਤ ਵਿੱਚ।
ਮੋਗਾ ਜ਼ਿਲ੍ਹੇ ਦੇ ਪਿੰਡ ਜੈਮਲ ਸਿੰਘ ਵਾਲਾ ਅਤੇ ਬਰਨਾਲਾ ਜ਼ਿਲ੍ਹੇ ਤੋਂ ਜ਼ਮੀਨਾਂ ਪੱਧਰੀਆਂ ਕਰਨ ਲਈ ਆਏ ਟਰੈਕਟਰਾਂ ਵਾਲਿਆਂ ਨੇ ਜਸਵੀਰ ਸਿੰਘ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਕੋਲ ਜਿਹੜੇ 12 ਟਰੈਕਟਰ ਹਨ ਉਨ੍ਹਾਂ ਦੇ ਪਿੱਛੇ ਪੈਣ ਵਾਲੇ ਡੋਲੂ ਕਰਾਹੇ ਚੰਗੀ ਮਿੱਟੀ ਚੁੱਕ ਲੈਂਦੇ ਹਨ। ਉਨ੍ਹਾਂ ਦੇ ਜਿੰਨ੍ਹੇ ਮਰਜ਼ੀ ਦਿਨ ਲੱਗ ਜਾਣ ਉਹ ਚਾਰੇ ਭਰਾਵਾਂ ਦੇ 20 ਖੇਤਾਂ ਵਿੱਚੋਂ ਰੇਤਾ ਤੇ ਗਾਰ ਕੱਢ ਕੇ ਜਾਣਗੇ ਅਤੇ ਦੋ ਭਰਾਵਾਂ ਦੀ ਜ਼ਮੀਨ ਵਿੱਚ ਪਏ ਟੋਏ ਨੂੰ ਵੀ ਭਰ ਕੇ ਜਾਣਗੇ।
ਟਰੈਕਟਰਾਂ ’ਤੇ ਸਿੱਧੂ ਮੂਸੇਵਾਲੇ ਦੇ ਵੱਜਦੇ ਗੀਤਾਂ ਬਾਰੇ ਗੱਲ ਕਰਦਿਆਂ ਨੌਜਵਾਨਾਂ ਨੇ ਦੱਸਿਆ ਸਿੱਧੂ ਮੂਸੇਵਾਲੇ ਦੇ ਗੀਤ ਉਨ੍ਹਾਂ ਵਿੱਚ ਜੋਸ਼ ਭਰਦੇ ਹਨ। ਇੰਨ੍ਹਾਂ ਨੌਜਵਾਨਾਂ ਦਾ ਕਹਿਣਾ ਸੀ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਗੀਤ ਟਰੈਕਟਰ ’ਤੇ ਫਿਲਮਾ ਕੇ ਨੌਜਵਾਨੀ ਨੂੰ ਟਰੈਕਟਰਾਂ ’ਤੇ ਬੈਠਣ ਲਾ ਦਿੱਤਾ ਹੈ।