ਮੰਡ ਇੰਦਰਪੁਰ ਨੂੰ ਬਿਆਸ ਤੇ ਸਤਲੁਜ ਦੀ ਦੋਹਰੀ ਮਾਰ
ਸੁਲਤਾਨਪੁਰ ਲੋਧੀ ਹਲਕੇ ਦਾ ਆਖਰੀ ਪਿੰਡ ਮੰਡ ਇੰਦਰਪੁਰ ਸਭ ਤੋਂ ਵੱਧ ਮਾਰ ਹੇਠ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਸਾਲ 2023 ਵਿੱਚ ਵੀ ਬਿਆਸ ਤੇ ਸਤਲੁਜ ਦੋਹਾਂ ਦਰਿਆਵਾਂ ਨੇ ਬਰਬਾਦੀ ਕੀਤੀ ਸੀ ਅਤੇ ਹੁਣ ਮੁੜ ਉਹੀ ਹਾਲਾਤ ਬਣ ਗਏ ਹਨ। ਬਿਆਸ ਦੇ ਪਾਣੀ ਨਾਲ 3000 ਏਕੜ ਫਸਲ ਡੁੱਬ ਗਈ ਅਤੇ ਹੁਣ ਸਤਲੁਜ ਨੇ ਵੀ ਕਹਿਰ ਢਾਹਿਆ ਹੈ। ਪਿੰਡ ਮੰਨੂ ਮਾਛੀ ਕੋਲ ਟੁੱਟੇ ਆਰਜ਼ੀ ਬੰਨ੍ਹ ਕਾਰਨ ਮੰਡ ਇੰਦਰਪੁਰ ਵਿੱਚ 4 ਫੁੱਟ ਤੱਕ ਪਾਣੀ ਭਰ ਗਿਆ ਹੈ। ਲੋਕਾਂ ਦਾ ਆਉਣਾ-ਜਾਣਾ ਰੁਕ ਗਿਆ ਹੈ ਤੇ ਸਿਰਫ਼ ਕਿਸ਼ਤੀਆਂ ਹੀ ਸਹਾਰਾ ਹਨ।
ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦਾ ਰੁਜ਼ਗਾਰ ਸਿਰਫ਼ ਖੇਤੀ ਹੈ, ਜੋ ਮੁਕੰਮਲ ਤੌਰ ’ਤੇ ਪ੍ਰਭਾਵਿਤ ਹੋ ਚੁੱਕੀ ਹੈ। ਹੁਣ ਤੱਕ ਨਾ ਕੋਈ ਸਰਕਾਰੀ ਰਾਹਤ ਪਹੁੰਚੀ ਹੈ ਤੇ ਨਾ ਹੀ ਕੋਈ ਸਮਾਜ ਸੇਵੀ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਕਿਸਾਨਾਂ ਨੇ ਤੁਰੰਤ ਕਿਸ਼ਤੀਆਂ, ਮੱਛਰਦਾਨੀਆਂ, ਤਰਪਾਲ, ਪਸ਼ੂਆਂ ਦਾ ਚਾਰਾ ਅਤੇ ਖਰਾਬ ਫਸਲ ਦਾ ਮੁਆਵਜ਼ਾ ਮੰਗਿਆ ਹੈ। ਉਨ੍ਹਾਂਸ਼ਿਕਾਇਤ ਕੀਤੀ ਕਿ ਪ੍ਰਾਈਵੇਟ ਸਕੂਲ ਫੀਸ ਦੇਰੀ ਨਾਲ ਜਮ੍ਹਾਂ ਹੋਣ ’ਤੇ ਬੱਚਿਆਂ ਨੂੰ ਕੱਢਣ ਦੀਆਂ ਧਮਕੀਆਂ ਦਿੰਦੇ ਹਨ ਜਿਸ ਬਾਰੇ ਉਨ੍ਹਾਂ ਸਰਕਾਰ ਨੂੰ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਗਈ।
ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਸੈਂਚੀਆਂ ਸੁਰੱਖਿਅਤ ਲਿਆਂਦੇ
ਇਸ ਦੌਰਾਨ ਦਰਿਆ ਸਤਲੁਜ ਨੇੜਲੇ ਪਿੰਡ ਕਾਲੂ ਮੁੰਡੀਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪਾਂ ਤੇ ਸੈਂਚੀਆਂ ਨੂੰ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਗਿੱਦੜ ਪਿੰਡੀ ਵਿਖੇ ਸੁਰੱਖਿਅਤ ਲਿਆਂਦਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਇਹ ਕਾਰਜ ਸੰਭਾਲਿਆ ਅਤੇ ਅਪੀਲ ਕੀਤੀ ਕਿ ਇਸ ਸੰਕਟ ਦੀ ਘੜੀ ਵਿੱਚ ਮਨੁੱਖੀ ਜ਼ਿੰਦਗੀ ਤੇ ਧਾਰਮਿਕ ਸਤਿਕਾਰ ਦੋਵਾਂ ਦੀ ਸੰਭਾਲ ਕਰਨੀ ਸਭ ਦੀ ਜ਼ਿੰਮੇਵਾਰੀ ਹੈ।