ਕਾਰ ਸਵਾਰ ’ਤੇ ਗੋਲੀ ਚਲਾਉਣ ਵਾਲਾ ਕਾਬੂ
ਥਾਣਾ ਸੁਲਤਾਨਵਿੰਡ ਦੀ ਪੁਲੀਸ ਨੇ ਕਾਰ ਸਵਾਰ ’ਤੇ ਗੋਲੀ ਚਲਾਉਣ ਦੀ ਘਟਨਾ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਦੋ ਪਿਸਤੌਲ ਤੇ ਕਾਰਤੂਸ ਵੀ ਬਰਾਮਦ ਕੀਤੇ ਹਨ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਸ਼ਨਾਖਤ ਸਹਿਜ ਪ੍ਰੀਤ ਸਿੰਘ ਉਰਫ ਸਹਿਜ ਵਾਸੀ ਆਜ਼ਾਦ ਨਗਰ ਪੁਤਲੀਘਰ ਵਜੋਂ ਹੋਈ ਹੈ। ਪੁਲੀਸ ਨੇ ਇਸ ਵਿਅਕਤੀ ਕੋਲੋਂ ਦੋ ਪਿਸਤੌਲ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚੋਂ ਇੱਕ ਪਿਸਤੌਲ ਸ਼ਿਕਾਇਤਕਰਤਾ ਦੇ ਪਿਤਾ ਦਾ ਲਾਇਸੈਂਸੀ ਹੈ ਜਦੋਂ ਕਿ ਦੂਜਾ ਨਾਜਾਇਜ਼ 32 ਬੋਰ ਦਾ ਪਿਸਤੌਲ ਹੈ। ਇਸ ਤੋਂ ਇਲਾਵਾ ਇੱਕ ਮੈਗਜ਼ੀਨ ਅਤੇ ਦੋ ਰੌਂਦ ਵੀ ਬਰਾਮਦ ਕੀਤੇ ਗਏ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਕਾਰ ਸਵਾਰ ਦੋ ਨੌਜਵਾਨਾਂ ’ਤੇ ਕਿਸੇ ਅਣਪਛਾਤੇ ਵੱਲੋਂ ਗੋਲੀ ਚਲਾਈ ਗਈ ਹੈ। ਜਦੋਂ ਪੁਲੀਸ ਨੇ ਜਾਂਚ ਸ਼ੁਰੂ ਕੀਤੀ ਤਾਂ ਕਾਰ ਸਵਾਰ ਨੌਜਵਾਨ ਨੇ ਦੱਸਿਆ ਕਿ ਦੁਪਹਿਰ ਵੇਲੇ ਤਾਰਾ ਵਾਲਾ ਪੁਲ ਨੇੜੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਹਨਾਂ ’ਤੇ ਗੋਲੀ ਚਲਾਈ ਹੈ। ਪੁਲੀਸ ਨੇ ਜਾਂਚ ਦੌਰਾਨ ਸਹਿਜ ਪ੍ਰੀਤ ਉਰਫ ਸਹਿਜ ਨੂੰ ਕਾਬੂ ਕੀਤਾ। ਜਾਂਚ ਦੌਰਾਨ ਗੱਲ ਸਾਹਮਣੇ ਆਈ ਕਿ ਕਾਰ ਵਿੱਚ ਸਵਾਰ ਅੰਕੁਸ਼ ਅਤੇ ਅਰਮਾਨ ਦੋਵੇਂ ਪਹਿਲਾਂ ਹੀ ਸਹਿਜ ਪ੍ਰੀਤ ਦੇ ਵਾਕਫ ਸਨ। ਸਹਿਜ ਸੁਲਤਾਨਵਿੰਡ ਨਹਿਰ ਤੋਂ ਉਹਨਾਂ ਦੀ ਕਾਰ ਵਿੱਚ ਪਿੱਛੇ ਬੈਠਾ ਸੀ। ਇਸ ਦੌਰਾਨ ਆਪਸ ਵਿੱਚ ਤਕਰਾਰ ਹੋ ਗਈ, ਜਿਸ ਤੋਂ ਬਾਅਦ ਸਹਿਜਪ੍ਰੀਤ ਨੇ ਗੋਲੀ ਚਲਾਈ ਜੋ ਅਰਮਾਨ ਸੂਦ ਦੀ ਪਿੱਠ ਵਿੱਚ ਲੱਗੀ। ਘਟਨਾ ਤੋਂ ਬਾਅਦ ਸਹਿਜ ਭੱਜ ਗਿਆ।