ਮਹਾਰਾਸ਼ਟਰ ਸਿੱਖ ਸਮਾਜ ਵੱਲੋਂ ਭਾਜਪਾ ਵਿੱਚ ਸਿੱਖਾਂ ਨੂੰ ਪ੍ਰਤੀਨਿਧਤਾ ਦੇਣ ਦੀ ਅਪੀਲ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਜੁਲਾਈ
ਭਾਰਤੀ ਜਨਤਾ ਪਾਰਟੀ ਵੱਲੋਂ ਰਵਿੰਦਰ ਚਵਾਨ ਨੂੰ ਮਹਾਰਾਸ਼ਟਰ ਸੂਬਾ ਪ੍ਰਧਾਨ ਨਿਯੁਕਤ ਕਰਨ ’ਤੇ ਸਿੱਖ ਭਾਈਚਾਰੇ ਵੱਲੋਂ ਭਾਈ ਜਸਪਾਲ ਸਿੰਘ ਸਿੱਧੂ ਅਤੇ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਚਰਨਦੀਪ ਹੈਪੀ ਸਿੰਘ ਦੀ ਅਗਵਾਈ ’ਚ ਮਹਾਰਾਸ਼ਟਰ ਸਿੱਖ ਸਮਾਜ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਸਬੰਧੀ ਮੁੰਬਈ ਦੇ ਯਸ਼ਵੰਤ ਰਾਓ ਚਵਾਨ ਸੈਂਟਰ ਵਿੱਚ ਮਹਾਰਾਸ਼ਟਰ ਸਿੱਖ ਭਾਈਚਾਰੇ ਵੱਲੋਂ ਇੱਕ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਵਿੰਦਰ ਚਵਾਨ ਦਾ ਜੈਕਾਰਿਆਂ ਦੀ ਗੂੰਜ ਵਿੱਚ ਸਨਮਾਨ ਕੀਤਾ ਗਿਆ। ਮਹਾਰਾਸ਼ਟਰ ਸਿੱਖ ਭਾਈਚਾਰੇ ਦੇ ਆਗੂ ਅਤੇ 11 ਮੈਂਬਰੀ ਸਿੱਖ ਤਾਲਮੇਲ ਕਮੇਟੀ ਦੇ ਮੁਖੀ ਭਾਈ ਜਸਪਾਲ ਸਿੰਘ ਸਿੱਧੂ ਸਣੇ ਆਗੂਆਂ ਨੇ ਭਾਜਪਾ ਦੇ ਸੂਬਾ ਪ੍ਰਧਾਨ ਰਵਿੰਦਰ ਚਵਾਨ ਨੂੰ ਮੰਗ ਪੱਤਰ ਸੌਂਪਿਆ, ਜਿਸ ਵਿੱਚ ਭਾਜਪਾ ਵਿੱਚ ਸਿੱਖਾਂ ਦੀ ਵਧੇਰੇ ਪ੍ਰਤੀਨਿਧਤਾ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿਆਸੀ ਭਾਗੀਦਾਰੀ ਅਤੇ ਚੋਣਾਂ ਦੌਰਾਨ ਸਿੱਖ ਭਾਈਚਾਰੇ ਨਾਲ ਸਬੰਧਤ ਵਿਅਕਤੀਆਂ ਨੂੰ ਨਗਰ ਨਿਗਮਾਂ, ਵਿਧਾਨ ਸਭਾ (ਐੱਮਐੱਲਏ) ਅਤੇ ਸੰਸਦ (ਐੱਮਪੀ) ਦੀਆਂ ਚੋਣਾਂ, ਵਿਧਾਨਿਕ ਬੋਰਡਾਂ ਅਤੇ ਸਥਾਨਕ ਸਰਕਾਰੀ ਸੰਸਥਾਵਾਂ ਵਿੱਚ ਨਿਯੁਕਤੀਆਂ, ਰਾਜਪਾਲ ਦੇ ਕੋਟੇ ਅਧੀਨ ਇੱਕ ਐੱਮਐੱਲਸੀ ਸੀਟ ਲਈ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਜੈਨ ਮਹਾਮੰਡਲ ਦੀ ਤਰਜ਼ ’ਤੇ ਇੱਕ ਸਿੱਖ ਮਹਾਮੰਡਲ ਦੀ ਸਥਾਪਨਾ ਦੀ ਵੀ ਅਪੀਲ ਕੀਤੀ। ਮਹਾਰਾਸ਼ਟਰ ਪੰਜਾਬੀ ਸੱਭਿਆਚਾਰਕ ਅਤੇ ਵਿਰਾਸਤ ਨਿਰਮਾਣ ਪ੍ਰਾਜੈਕਟ ਨੂੰ ਤੁਰੰਤ ਲਾਗੂ ਕਰਨ ਵਿੱਚ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਨੇ ਪਨਵੇਲ ਤੋਂ ਉੱਤਰੀ ਭਾਰਤ ਤੱਕ ਸਿੱਧੀ ਰੇਲ ਸੇਵਾ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਿੱਖ ਤਖ਼ਤਾਂ ਲਈ ਸਬਸਿਡੀ ਵਾਲੀ ਧਾਰਮਿਕ ਯਾਤਰਾ ਯੋਜਨਾ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਹੈ।