ਮੀਂਹ ਕਾਰਨ ਲੀਹੋਂ ਲੱਥੀ ਜ਼ਿੰਦਗੀ
ਇੱਥੇ ਅੱਜ ਸਵੇਰੇ ਪਏ ਭਰਵੇਂ ਮੀਂਹ ਕਾਰਨ ਜਨਜੀਵਨ ਅਸਤ-ਵਿਅਸਤ ਹੋ ਗਿਆ ਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਜਾਣ ਲੋਕਾਂ ਤੇ ਖਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੀਂਹ ਕਾਰਨ ਬਾਜ਼ਾਰ ਵਿੱਚ ਰੌਣਕ ਘੱਟ ਰਹੀ ਤੇ ਸਕੂਲਾਂ-ਕਾਲਜਾਂ ’ਚ ਵੀ ਹਾਜ਼ਰੀ ਘੱਟ ਹੀ ਰਹੀ। ਮੀਂਹ ਕਾਰਨ ਇੱਥੋਂ ਦੀਆਂ ਸੜਕਾਂ ਨੇ ਝੀਲ ਦਾ ਰੂਪ ਧਾਰਨ ਕਰ ਲਿਆ। ਮੀਂਹ ਕਾਰਨ ਕੰਪਨੀ ਬਾਗ਼, ਬੱਸ ਸਟੈਂਡ ਰੋਡ, ਬੀਐੱਸਐੱਫ ਚੌਕ, ਲਾਡੋਵਾਲੀ ਰੋਡ, ਲੰਬਾ ਪਿੰਡ ਚੌਂਕ, ਰਾਮਾ ਮੰਡੀ, ਘਾਹ ਮੰਡੀ, ਦੋ ਮੋਰੀਆਂ ਪੁਲ, ਇਕਹਰੀ ਪੁਲੀ, ਮਾਈ ਹੀਰਾਂ ਗੇਟ, ਕੋਟ ਮੁਹੱਲਾ, ਚੌਗਿਟੀ, ਗੁਰੂ ਨਾਨਕਪੁਰਾ, ਟਰਾਂਸਪੋਰਟ ਨਗਰ, ਪੁਰਾਣੀ ਜੇਲ ਰੋਡ, ਫੋਕਲ ਪੁਆਇੰਟ ਸਮੇਤ ਹੋਰ ਕਈ ਥਾਵਾਂ ’ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਕਈ ਇਲਾਕਿਆਂ ਵਿੱਚ ਪਾਣੀ ਘਰਾਂ ’ਚ ਦਾਖਲ ਹੋਣ ਕਾਰਨ ਲੋਕ ਬਾਲਟੀਆਂ ਨਾਲ ਪਾਣੀ ਕੱਢਦੇ ਦੇਖੇ ਗਏ। ਤੇਜ਼ ਮੀਂਹ ਕਰਨ ਆਦਮਪੁਰ, ਜੰਡੂਸਿੰਘਾ, ਕਠਾਰ ਤੇ ਹੋਰ ਕਈ ਪਿੰਡਾਂ ਵਿੱਚ ਹੜ੍ਹ ਵਾਲੀ ਸਥਿਤੀ ਬਣ ਗਈ ਤੇ ਆਦਮਪੁਰ ਦੇ ਜੱਟਾਂ ਮੁਹੱਲੇ, ਸੰਗਰਾਂ, ਗਾਜੀਪੁਰ, ਖੁਰਦਪੁਰ, ਚੌਕ ਘੰਟਾ ਘਰ, ਰੇਲਵੇ ਰੋਡ, ਬੱਸ ਸਟੈਂਡ ਰੋਡ ਤੇ ਹੋਰ ਥਾਵਾਂ ’ਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਇੱਥੇ ਪਏ ਮੋਹਲੇਧਾਰ ਮੀਂਹ ਕਾਰਨ ਆਮ ਜੀਵਨ ਲੀਹ ਤੋਂ ਲੱਥ ਗਿਆ। ਜ਼ਿਆਦਾਤਰ ਇਲਾਕੇ ਪਾਣੀ ਵਿੱਚ ਡੁੱਬ ਗਏ। ਨਿਕਾਸੀ ਨਾ ਹੋਣ ਕਾਰਨ ਸੜਕਾਂ ਨੇ ਝੀਲਾਂ ਦਾ ਰੂਪ ਧਾਰਨ ਕਰ ਲਿਆ। ਸਵੇਰੇ 8 ਵਜੇ ਦੇ ਕਰੀਬ ਸ਼ੁਰੂ ਹੋਈ ਬਰਸਾਤ ਦੁਪਹਿਰ ਤੱਕ ਚੱਲਦੀ ਰਹੀ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਨੀਵੇਂ ਇਲਾਕਿਆਂ ’ਚ ਸਥਿਤ ਘਰਾਂ ਤੇ ਦੁਕਾਨਾਂ ’ਚ ਪਾਣੀ ਭਰ ਗਿਆ। ਸੜਕਾਂ ਦੀ ਹਾਲਤ ਖਰਾਬ ਹੋਣ ਕਰਕੇ ਵਾਹਨਾਂ ਦੀ ਰਫ਼ਤਾਰ ਘਟ ਗਈ ਜਿਸ ਕਾਰਨ ਲੰਬੇ-ਲੰਬੇ ਜਾਮ ਦੇਖਣ ਨੂੰ ਮਿਲੇ। ਸਕੂਲਾਂ ਨੂੰ ਗਏ ਬੱਚਿਆਂ ਨੂੰ ਵਾਪਸੀ ’ਤੇ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਚੋਆਂ ਵਿੱਚ ਹੜ੍ਹ ਆ ਜਾਣ ਕਾਰਨ ਸ਼ਹਿਰ ਦੇ ਪਾਰ ਅਬਾਦੀਆਂ ਦਾ ਸ਼ਹਿਰ ਨਾਲ ਸੰਪਰਕ ਟੁੱਟ ਗਿਆ।
ਪਿੰਡ ਸ਼ੇਰਪੁਰ ਬਾਹਤੀਆਂ ’ਚ ਲੋਕਾਂ ਨੇ ਟਰੈਕਟਰ ਟਰਾਲੀ ਦਾ ਇੰਤਜ਼ਾਮ ਕਰ ਕੇ ਸਕੂਲੋਂ ਪਰਤੇ ਬੱਚੇ ਵਾਪਸ ਮੰਗਵਾਏ ਕਿਉਂਕਿ ਚੋਅ ਚੜ੍ਹ ਜਾਣ ਕਾਰਨ ਛੋਟੇ ਵਾਹਨਾਂ ਦਾ ਨਿਕਲਣਾ ਸੰਭਵ ਨਹੀਂ ਸੀ। ਸ਼ਹਿਰ ਦੇ ਨਾਲ ਲੱਗਦਾ ਭੰਗੀ ਚੋਅ ਵੀ ਨੱਕੋ-ਨੱਕ ਪਾਣੀ ਨਾਲ ਭਰਿਆ ਹੋਇਆ ਸੀ। ਪ੍ਰਸ਼ਾਸਨ ਦੀ ਚਿਤਾਵਨੀ ਦੇ ਬਾਵਜੂਦ ਕਈ ਲੋਕ ਚੋਅ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਦੇਖੇ ਗਏ। ਸਰਕਾਰੀ ਦਫ਼ਤਰ ਅਤੇ ਬੈਂਕਾਂ ਦੀਆਂ ਇਮਾਰਤਾਂ ਦੇ ਬਾਹਰ ਵੀ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਸਮੱਸਿਆ ਪੇਸ਼ ਆਈ। ਦਾਣਾ ਮੰਡੀ ਅਤੇ ਸਬਜ਼ੀ ਮੰਡੀ ’ਚ ਵੀ ਪਾਣੀ ਖੜ੍ਹਾ ਹੋਣ ਕਾਰਨ ਨਰਕ ਵਰਗੇ ਹਾਲਾਤ ਬਣੇ ਰਹੇ। ਬਰਸਾਤ ਕਾਰਨ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ।
ਫਗਵਾੜਾ: ਨਿਕਾਸੀ ਨਾ ਹੋਣ ਕਾਰਨ ਬਾਜ਼ਾਰਾਂ ’ਚ ਪਾਣੀ ਭਰਿਆ
ਫਗਵਾੜਾ (ਜਸਬੀਰ ਸਿੰਘ ਚਾਨਾ): ਇੱਥੇ ਸਵੇਰੇ ਕੁੱਝ ਘੰਟਿਆਂ ਦੀ ਹੋਈ ਬਾਰਿਸ਼ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਜਲ-ਥਲ ਕਰ ਕੇ ਰੱਖ ਦਿੱਤਾ ਤੇ ਸ਼ਹਿਰ ਦੇ ਮੁੱਖ ਇਲਾਕੇ ਪਾਣੀ ਨਾਲ ਭਰ ਗਏ। ਨਿਕਾਸੀ ਨਾ ਹੋਣ ਕਾਰਨ ਪਾਣੀ ਕਈ ਘੰਟਿਆਂ ਤੱਕ ਸੜਕਾਂ ’ਤੇ ਘੁੰਮਦਾ ਰਿਹਾ ਤੇ ਲੋਕ ਮੀਂਹ ਦੇ ਪਾਣੀ ’ਚੋਂ ਗੁਜਰਨ ਲਈ ਮਜਬੂਰ ਹੋਏ। ਮੀਂਹ ਨਾਲ ਅਰਬਨ ਅਸਟੇਟ, ਪ੍ਰੇਮਪੁਰਾ, ਪੁਰਾਣਾ ਡਾਕਖਾਨਾ ਰੋਡ, ਬੰਗਾ ਰੋਡ, ਸਰਾਏ ਰੋਡ, ਗਊਸ਼ਾਲਾ ਰੋਡ, ਖੇੜਾ ਰੋਡ, ਪਲਾਹੀ ਰੋਡ, ਹਦੀਆਬਾਦ, ਸੁਭਾਸ਼ ਨਗਰ, ਸਿਵਲ ਹਸਪਤਾਲ ਤੇ ਹੋਰ ਇਲਾਕੇ ਪਾਣੀ ਨਾਲ ਭਰ ਗਏ। ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਤੇ ਦੁਕਾਨਾਂ ’ਚ ਜਾ ਵੜਿਆ ਤੇ ਪਾਣੀ ਦੀ ਕਿਸੇ ਪਾਸੇ ਵੀ ਨਿਕਾਸੀ ਨਾ ਹੋ ਸਕੀ। ਇੱਥੋਂ ਤੱਕ ਕਈ ਦੁਕਾਨਦਾਰਾ ਨੇ ਤਾਂ ਦੁਕਾਨਾ ਵੀ ਬੰਦ ਕਰ ਦਿੱਤੀਆਂ ਤਾਂ ਜੋ ਪਾਣੀ ਉਨ੍ਹਾਂ ਦੀਆਂ ਦੁਕਾਨਾ ’ਚ ਨਾ ਦਾਖ਼ਲ ਹੋ ਸਕੇ। ਪੁਰਾਣਾ ਡਾਕਖਾਨਾ ਰੋਡ ’ਤੇ ਸਕੂਲੀ ਬੱਚੇ ਮੀਂਹ ਦੇ ਪਾਣੀ ’ਚੋਂ ਨਿਕਲ ਕੇ ਵਾਪਸ ਘਰਾਂ ਨੂੰ ਪਰਤੇ। ਆਮ ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਦਾ ਕੰਮ ਸਿਰਫ਼ ਦਾਅਵਿਆਂ ਤੱਕ ਹੀ ਸੀਮਤ ਹੈ ਜਦਕਿ ਨਿਗਮ ਬਣੇ ਨੂੰ ਕਿੰਨਾ ਸਮਾਂ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਸ਼ਹਿਰ ਦੀ ਹਾਲਤ ’ਚ ਸੁਧਾਰ ਹੋਣ ਦੀ ਬਜਾਇ ਦਿਨੋਂ-ਦਿਨ ਹਾਲਤ ਵਿਗੜ ਹੀ ਰਹੀ ਹੈ।
ਡੀਸੀ ਵੱਲੋਂ ਅਫ਼ਵਾਹਾਂ ਤੋਂ ਦੂਰ ਰਹਿਣ ਦੀ ਅਪੀਲ
ਹੁਸ਼ਿਆਰਪੁਰ: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੌਂਗ ਡੈਮ ਦੇ ਪਾਣੀ ਦੇ ਪੱਧਰ ਦੀ ਨਿਰੰਤਰ ਅਤੇ ਤਕਨੀਕੀ ਨਿਗਰਾਨੀ ਨੂੰ ਯਕੀਨੀ ਬਣਾ ਰਿਹਾ ਹੈ ਤਾਂ ਜੋ ਕਿਸੇ ਵੀ ਸੰਭਾਵੀ ਹੜ੍ਹ ਦੀ ਸਥਿਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ.ਬੀ.ਐਮ.ਬੀ), ਜਲ ਸਰੋਤ ਵਿਭਾਗ ਅਤੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚਾਲੇ ਮਜ਼ਬੂਤ ਆਪਸੀ ਤਾਲਮੇਲ ਸਥਾਪਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਰੇਨੇਜ਼ ਵਿਭਾਗ, ਮਾਲ ਵਿਭਾਗ ਅਤੇ ਪੰਚਾਇਤ ਵਿਭਾਗ ਵੱਲੋਂ ਸਰਪੰਚਾਂ, ਪੰਚਾਂ ਅਤੇ ਸਥਾਨਕ ਨੁਮਾਇੰਦਿਆਂ ਨਾਲ ਨਿਰੰਤਰ ਤਾਲਮੇਲ ਰੱਖਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਸੰਭਵ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਜ਼ਿਲ੍ਹੇ ਵਿੱਚ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਵੱਲ ਧਿਆਨ ਨਾ ਦੇਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ ’ਤੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜਿਸ ਦਾ ਟੈਲੀਫੋਨ ਨੰਬਰ 01882-220412 ਹੈ। ਇਸ ਤੋਂ ਇਲਾਵਾ ਤਹਿਸੀਲ ਪੱਧਰ ’ਤੇ ਹੜ੍ਹ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ, ਜਿਸ ਵਿੱਚ ਤਹਿਸੀਲ ਹੁਸ਼ਿਆਰਪੁਰ ਵਿਚ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01882-244175, ਗੜ੍ਹਸ਼ੰਕਰ ਦਾ 01884-282026, ਦਸੂਹਾ ਦਾ 01883-506268, ਟਾਂਡਾ ਦਾ 01886-512952 ਅਤੇ ਤਹਿਸੀਲ ਮੁਕੇਰੀਆਂ ਦਾ ਕੰਟਰੋਲ ਰੂਮ ਨੰਬਰ 01883-244310 ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਵਿੱਚ ਬਰਸਾਤ ਦੇ ਮੌਸਮ ਦੌਰਾਨ ਹੜ੍ਹਾਂ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਇਨ੍ਹਾਂ ਕੰਟਰੋਲ ਰੂਮਾਂ ਨੂੰ ਸੂਚਿਤ ਕਰਨ। - ਪੱਤਰ ਪ੍ਰੇਰਕ