ਗੁਰੂ ਨਾਨਕ ਵੈੱਲਫੇਅਰ ਸੁਸਾਇਟੀ ਗੇਰਾ ਦੇ ਵਫ਼ਦ ਵਲੋਂ ਡੀਸੀ ਨੂੰ ਪੱਤਰ
ਨੁਕਸਾਨੀ ਫ਼ਸਲ ਦਾ ਮੁਆਵਜ਼ਾ ਮੰਗਿਆ
Advertisement
ਗੁਰੂ ਨਾਨਕ ਵੈੱਲਫੇਅਰ ਸੁਸਾਇਟੀ ਗੇਰਾ ਦਾ ਇਕ ਵਫ਼ਦ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਮਿਲਿਆ ਤੇ ਪੀਆਰ 131 ਝੋਨਾ ਬੀਜ ਨਾਲ ਹੋਈ ਤਬਾਹੀ ਕਾਰਨ ਪ੍ਰਭਾਵਿਤ ਕਿਸਾਨਾਂ ਲਈ ਗਿਰਦਾਵਰੀ ਤੇ ਮੁਆਵਜ਼ੇ ਸਬੰਧੀ ਮੰਗ ਪੱਤਰ ਦਿੱਤਾ। ਵਫਦ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਖੇਤੀ ਸੀਜ਼ਨ ਹਾਈਬ੍ਰਿਡ ਝੋਨਾ ਬੀਜ ’ਤੇ ਪਾਬੰਦੀ ਲਗਾ ਦਿੱਤੀ ਸੀ ਜਿਸ ਕਰਕੇ ਕਿਸਾਨਾਂ ਨੇ ਪੀ.ਆਰ-131 ਕਿਸਮ ਦਾ ਝੋਨਾ ਬੀਜਿਆ ਪਰ ਇਸ ਬੀਜ ਨਾਲ ਫ਼ਸਲ ਦੀ ਵੱਡੀ ਤਬਾਹੀ ਹੋਈ। ਕੇਵਲ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਹੀ ਕਿਸਾਨਾਂ ਦਾ ਹਜ਼ਾਰਾਂ ਏਕੜ ਝੋਨਾ ਬਰਬਾਦ ਹੋ ਗਿਆ। ਕਿਸਾਨਾਂ ਵਲੋਂ ਇਸ ਸਬੰਧੀ ਖੇਤੀਬਾੜੀ ਵਿਭਾਗ ਨੂੰ ਜਾਣੂ ਵੀ ਕਰਵਾਇਆ ਗਿਆ ਸੀ ਪਰ ਅੱਜ ਤੱਕ ਕੋਈ ਜਾਂਚ ਜਾਂ ਗਿਰਦਾਵਰੀ ਨਹੀਂ ਕਰਵਾਈ ਗਈ। ਵਫ਼ਦ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪਟਿਆਲਾ ਵਿਚ ਇਸ ਸਮੱਸਿਆ ਸਬੰਧੀ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਗਏ ਹਨ, ਉਸੇ ਤਰ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਵੀ ਗਿਰਦਾਵਰੀ ਕਰਵਾਉਣ ਦਾ ਹੁਕਮ ਜਾਰੀ ਕੀਤੇ ਜਾਣ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਬੀਜ ਸਪਲਾਈ ਕਰਨ ਵਾਲੀਆਂ ਕੰਪਨੀਆਂ ਅਤੇ ਜ਼ਿੰਮੇਵਾਰ ਵਿਭਾਗਾਂ ’ਤੇ ਕਾਰਵਾਈ ਕੀਤੀ ਜਾਵੇ।
Advertisement
Advertisement