ਖੱਬੀਆਂ ਪਾਰਟੀਆਂ ਵੱਲੋਂ ਹੜ੍ਹਾਂ ਦੇ ਮੁਆਵਜ਼ੇ ਲਈ ਪ੍ਰਦਰਸ਼ਨ
ਖੱਬੀਆਂ ਪਾਰਟੀਆਂ ਆਰ ਐਮ ਪੀ ਆਈ, ਸੀ ਪੀ ਆਈ, ਸੀ ਪੀ ਆਈ (ਐਮ) ਅਤੇ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਵੱਲੋਂ ਸਥਾਨਕ ਦਾਣਾ ਮੰਡੀ ਵਿਚ ਹੜ੍ਹ ਪੀੜਤਾਂ ਦੇ ਹੱਕ ਵਿੱਚ ਰੈਲੀ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਸਥਾਨਕ ਐਸਡੀਐਮ ਨੂੰ ਅੱਠ ਮੰਗਾਂ ਦਾ ਪੱਤਰ ਦਿੱਤਾ ਗਿਆ। ਰੈਲੀ ਦੀ ਪ੍ਰਧਾਨਗੀ ਅਸ਼ਵਨੀ ਕੁਮਾਰ ਲੱਖਣ ਕਲਾਂ, ਜਰਨੈਲ ਸਿੰਘ ਬਟਾਲਾ, ਅਵਤਾਰ ਸਿੰਘ ਠੱਠਾ ਅਤੇ ਨਰਿੰਦਰ ਸਿੰਘ ਡੇਰਾ ਬਾਬਾ ਨਾਨਕ ਵੱਲੋਂ ਕੀਤੀ ਗਈ। ਕਾਮਰੇਡ ਗੁਲਜ਼ਾਰ ਸਿੰਘ ਬਸੰਤਕੋਟ, ਰਣਬੀਰ ਸਿੰਘ ਵਿਰਕ, ਸ਼ਮਸ਼ੇਰ ਸਿੰਘ ਨਵਾਂ ਪਿੰਡ ਅਤੇ ਗੁਰਮੀਤ ਸਿੰਘ ਬੱਖਤਪੁਰਾ ਨੇ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ ਐਲਾਨੇ ਗਏ ਮੁਆਵਜ਼ੇ ਨੂੰ ਅਧੂਰਾ ਐਲਾਨਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਦੀ ਤਤਕਾਲੀ ‘ਆਪ’ ਸਰਕਾਰ ਦੇ ਗੁਣਗਾਨ ਕਰਦਿਆਂ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਵਰਗੇ ਬਿਆਨ ਦਾਗ਼ਦੇ ਰਹੇ ਪਰ ਅੱਜ ਪੰਜਾਬ ’ਚ ਕਿਸਾਨਾਂ ਦੀ ਸੌ ਫੀਸਦ ਝੋਨੇ ਦੀ ਫਸਲ ਬਰਬਾਦ ਹੋਣ ’ਤੇ ਸਿਰਫ਼ 20 ਹਜ਼ਾਰ ਰੁਪਏ ਦਾ ਐਲਾਨ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਕਿਸਾਨੀ ਦੀ ਫਸਲ ਦਾ ਪ੍ਰਤੀ ਏਕੜ 70 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ, ਪਿੰਡਾਂ ਦੇ ਗ਼ਰੀਬ ਦੇ ਪ੍ਰਤੀ ਪਰਿਵਾਰਾਂ ਨੂੰ 25 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇ ਤੇ ਹੋਰ ਮੰਗਾਂ ਮੰਨੀਆਂ ਜਾਣ। ਰੈਲੀ ਨੂੰ ਰਾਜ ਗੁਰਵਿੰਦਰ ਸਿੰਘ ਲਾਡੀ, ਮਾਸਟਰ ਰਘਬੀਰ ਸਿੰਘ ਪਕੀਵਾ, ਕੁਲਦੀਪ ਰਾਜੂ ਬਟਾਲਾ, ਬਲਦੇਵ ਸਿੰਘ ਖਹਿਰਾ, ਦਲਬੀਰ ਭੋਲਾ, ਦਿਲਬਾਗ ਸਿੰਘ ਡੋਗਰ, ਜਨਕ ਰਾਜ ਅਤੇ ਸੁਖਦੇਵ ਸਿੰਘ ਉਦੋਵਾਲੀ ਨੇ ਵੀ ਸੰਬੋਧਨ ਕੀਤਾ।