ਵਕੀਲਾਂ ਵੱਲੋਂ ਸਹਾਇਕ ਲੇਬਰ ਕਮਿਸ਼ਨਰ ਦੇ ਦਫ਼ਤਰ ਬਾਹਰ ਧਰਨਾ
ਵਕੀਲਾਂ ਵੱਲੋਂ ਮੰਗਲਵਾਰ ਨੂੰ ਸਹਾਇਕ ਲੇਬਰ ਕਮਿਸ਼ਨਰ ਦੇ ਦਫ਼ਤਰ ਬਾਹਰ ਧਰਨਾ ਦਿੱਤਾ ਗਿਆ। ਵਕੀਲਾਂ ਨੇ ਦੋਸ਼ ਲਗਾਇਆ ਕਿ ਲੇਬਰ ਕਮਿਸ਼ਨਰ ਦਾ ਵਤੀਰਾ ਉਨ੍ਹਾਂ ਪ੍ਰਤੀ ਅਪਮਾਨਜਨਕ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬੀਐੱਸ ਘੁੰਮਣ ਨੇ ਦੋਸ਼ ਲਗਾਇਆ ਕਿ ਅਸਿਸਟੈਂਟ ਲੇਬਰ ਕਮਿਸ਼ਨਰ ਕੇਸ ਲੈ ਕੇ ਗਏ ਵਕੀਲਾਂ ਨਾਲ ਗਲਤ ਢੰਗ ਨਾਲ ਪੇਸ਼ ਆਉਂਦੇ ਹਨ। ਉਨ੍ਹਾਂ ਨੂੰ ਕਈ-ਕਈ ਚਿਰ ਕਮਰੇ ਦੇ ਬਾਹਰ ਖੜ੍ਹਾ ਰੱਖਿਆ ਜਾਂਦਾ ਹੈ। ਅੰਦਰ ਕੋਰਟ ਰੂਮ ਵਿੱਚ ਵੀ ਵਕੀਲਾਂ ਦੇ ਬੈਠਣ ਦਾ ਕੋਈ ਪ੍ਰਬੰਧ ਨਹੀਂ। ਉਨ੍ਹਾਂ ਕਿਹਾ ਕਿ ਲੇਬਰ ਕਮਿਸ਼ਨਰ ਵੱਲੋਂ ਵਕੀਲਾਂ ਨਾਲ ਗਲਤ ਵਿਵਹਾਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਅਧਿਕਾਰੀ ਦੇ ਖਿਲਾਫ਼ ਪਹਿਲਾਂ ਵੀ ਸ਼ਿਕਾਇਤ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਉਸ ਦਾ ਵਤੀਰਾ ਨਹੀਂ ਬਦਲਿਆ। ਉਨ੍ਹਾਂ ਦੱਸਿਆ ਕਿ ਅੱਜ ਵੀ ਇਕ ਵਕੀਲ ਨਾਲ ਦੁਰਵਿਵਹਾਰ ਕੀਤਾ ਗਿਆ ਜਿਸ ਕਾਰਨ ਬਾਰ ਐਸੋਸਸੀਏਸ਼ਨ ਨੇ ਧਰਨਾ ਲਗਾਇਆ ਹੈ। ਉਨ੍ਹਾਂ ਕਿਹਾ ਕਿ ਅਸਿਸਟੈਂਟ ਲੇਬਰ ਕਮਿਸ਼ਨਰ ਹਫ਼ਤੇ ਵਿਚ ਦੋ ਦਿਨ ਹੀ ਇੱਥੇ ਆਉਂਦਾ ਹੈ ਜਿਸ ਕਾਰਨ ਕੇਸ ਲਟਕਦੇ ਰਹਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸੇ ਅਧਿਕਾਰੀ ਦੀ ਪੱਕੇ ਤੌਰ ’ਤੇ ਜ਼ਿਲ੍ਹੇ ’ਚ ਡਿਊਟੀ ਲਗਾਈ ਜਾਵੇ ਤਾਂ ਜੋ ਹਫ਼ਤੇ ਦੇ ਪੰਜ ਦਿਨ ਕੇਸਾਂ ਦਾ ਨਿਪਟਾਰਾ ਹੋ ਸਕੇ। ਇਸ ਤੋਂ ਇਲਾਵਾ ਇਕ ਸਟੈਨੋਗ੍ਰਾਫ਼ਰ ਅਤੇ ਰੀਡਰ ਵੀ ਨਿਯੁਕਤ ਕੀਤਾ ਜਾਵੇ।