ਜ਼ਮੀਨੀ ਵਿਵਾਦ: ਮੋਟਰਸਾਈਕਲ ਚਾਲਕ ਨੂੰ ਟਰੈਕਟਰ ਹੇਠ ਦੇ ਕੇ ਮਾਰਿਆ
ਭਗਵਾਨ ਦਾਸ ਸੰਦਲ
ਦਸੂਹਾ, 16 ਮਈ
ਇਥੇ ਨੇੜਲੇ ਪਿੰਡ ਸ਼ਾਹਪੁਰ ਵਿਖੇ ਜ਼ਮੀਨੀ ਵਿਵਾਦ ਕਾਰਨ ਇੱਕ ਮੋਟਰਸਾਈਕਲ ਸਵਾਰ ਨੂੰ ਟਰੈਕਟਰ ਹੇਠਾਂ ਦਰੜ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਜੋਗਿੰਦਰ ਸਿੰਘ (50) ਪੁੱਤਰ ਬਾਵਾ ਰਾਮ ਵਾਸੀ ਸ਼ਾਹਪੁਰ ਥਾਣਾ ਦਸੂਹਾ ਵਜੋਂ ਹੋਈ ਹੈ। ਮੁਲਜ਼ਮ ਮੌਕੇ ’ਤੇ ਟਰੈਕਟਰ ਛੱਡ ਫਰਾਰ ਹੋ ਗਿਆ ਤੇ ਮ੍ਰਿਤਕ ਦੀ ਲਾਸ਼ ਸ਼ਾਹਪੁਰ-ਰਾਵਾਂ ਰੋਡ ਦੇ ਖੇਤਾਂ ਵਿੱਚ ਟਰੈਕਟਰ ਨੇੜਿਓਂ ਬਰਾਮਦ ਹੋਈ ਹੈ। ਸੂਤਰਾਂ ਮੁਤਾਬਕ ਮਾਮਲਾ ਪਿੰਡ ਸ਼ਾਹਪੁਰ ਦੀਆਂ ਦੋ ਧਿਰਾਂ ਵਿਚਕਾਰ ਜ਼ਮੀਨੀ ਵਿਵਾਦ ਦਾ ਦੱਸਿਆ ਗਿਆ ਹੈ। ਵਾਰਦਾਤ ਦੀ ਸੂਚਨਾ ਮਿਲਦਿਆ ਥਾਣਾ ਮੁਖੀ ਦਸੂਹਾ ਰਾਜਿੰਦਰ ਸਿੰਘ ਮਿਨਹਾਸ ਦੀ ਅਗਵਾਈ ਹੇਠਲੀ ਪੁਲੀਸ ਟੀਮ ਵਾਰਦਾਤ ਵਾਲੀ ਥਾਂ ’ਤੇ ਪੁੱਜੀ ਤੇ ਮੌਕੇ ਦਾ ਜਾਇਜ਼ਾ ਲੈਣ ਮਗਰੋਂ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਆਰੰਭ ਦਿੱਤੀ। ਮ੍ਰਿਤਕ ਦੇ ਪੁੱਤਰ ਬਨੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪਿਤਾ ਜੋਗਿੰਦਰ ਸਿੰਘ ਸਵੇਰੇ ਕਰੀਬ ਸਵਾ ਦਸ ਵਜੇ ਮੋਟਰਸਾਈਕਲ ’ਤੇ ਆਪਣੇ ਨਿੱਜੀ ਕੰਮ ਟਾਂਡਾ ਵਿਖੇ ਜਾ ਰਿਹਾ ਸੀ। ਰਸਤੇ ਵਿੱਚ ਪਿੰਡ ਦੇ ਹੀ ਮਨਜੀਤ ਸਿੰਘ ਉਰਫ ਸਾਹਿਬ ਪੁੱਤਰ ਜੋਗਿੰਦਰ ਸਿੰਘ ਵਾਸੀ ਸ਼ਾਹਪੁਰ ਨੇ ਉਸ ਦੇ ਪਿਤਾ ਨੂੰ ਆਪਣੇ ਟਰੈਕਟਰ ਹੇਠਾਂ ਦਰੜ ਕੇ ਕਤਲ ਕਰ ਦਿੱਤਾ।
ਉਸ ਦੇ ਪਿਤਾ ਦੇ ਮਰਨ ਤੱਕ 20-25 ਫੁੱਟ ਦੂਰ ਤੱਕ ਟਰੈਕਟਰ ਨਾਲ ਘੜੀਸਿਆ ਗਿਆ। ਥਾਣਾ ਮੁਖੀ ਰਾਜਿੰਦਰ ਸਿੰਘ ਦੱਸਿਆ ਕਿ ਇਸ ਸਬੰਧੀ ਭਾਰਤੀ ਦੰਢਾਵਲੀ ਦੀ ਧਾਰਾ 302 ਤੇ 427 ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਟਰੈਕਟਰ ਕਬਜ਼ੇ ਵਿੱਚ ਲੈ ਲਿਆ ਹੈ ਜਦੋਕਿ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।