ਭੱਠਾ ਮਜ਼ਦੂਰਾਂ ਨੇ ਡੀਸੀ ਦਫਤਰ ਅੱਗੇ ਪ੍ਰਦਰਸ਼ਨ ਕੀਤਾ
ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਅਤੇ ਸਹਾਇਕ ਸਕੱਤਰ ਕਾਮਰੇਡ ਮਨਹਰਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਇੱਟਾਂ ਦੇ ਭੱਠਿਆਂ ਉੱਪਰ ਔਰਤ-ਮਰਦ ਬੱਚਿਆਂ ਸਮੇਤ ਰਹਿ ਕੇ ਪਥੇਰ, ਨਿਕਾਸੀ, ਭਰਾਈ, ਜਲਾਈ ਅਤੇ ਪੱਕੀਆਂ ਇੱਟਾਂ ਦੀ ਲੋਡਿੰਗ-ਅਨਲੋਡਿੰਗ ਦਾ ਕੰਮ ਕਰਦੇ ਹਨ ਪਰ ਕਿਧਰੇ ਵੀ ਔਰਤਾਂ, ਮਰਦਾਂ ਲਈ ਪਾਖਾਨੇ, ਪਰਦੇ ਹੇਠ ਬਾਥਰੂਮ ਅਤੇ ਰਹਿਣ ਲਈ ਪੱਕੇ ਕੁਆਟਰਾਂ ਦੀ ਵਿਵਸਥਾ ਨਹੀਂ ਹੈ। ਖੁੱਲ੍ਹੇਆਮ ਜੰਗਲ ਪਾਣੀ ਨੇੜਲੇ ਖੇਤਾਂ ਵਿਚ ਜਾਣ ਸਮੇਂ ਕਾਫੀ ਮਾਨਸਿਕ ਪੀੜਾ ਚੋਂ ਗੁਜ਼ਰਨਾ ਪੈਂਦਾ ਹੈ। ਰਿਹਾਇਸ਼ ਲਈ ਟੈਂਪਰੇਰੀ ਝੁੱਗੀਆਂ ਹੋਣ ਕਰਕੇ ਹਨੇਰੀ-ਤੂਫਾਨ ਮੌਕੇ ਅਕਸਰ ਮਜ਼ਦੂਰਾਂ ਦੇ ਸੱਟਾਂ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਹਰ ਸਾਲ ਬਿਜਲੀ ਦੇ ਕਰੰਟ ਲੱਗਣ ਨਾਲ, ਸੱਪ ਦੇ ਡੰਗਣ ਨਾਲ ਜਾਂ ਕਿਸੇ ਹੋਰ ਦੁਰਘਟਨਾ ਕਾਰਨ ਕਿਸੇ ਨਾ ਕਿਸੇ ਮਜ਼ਦੂਰ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਕੇਸ ਨੂੰ ਰਫਾ-ਦਫਾ ਕਰ ਦਿੱਤਾ ਜਾਂਦਾ ਹੈ। ਇਸ ਸਬੰਧੀ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਵੱਲੋਂ ਕਈ ਵਾਰ ਭੱਠਾ ਮਾਲਕਾਂ ਨੂੰ ਲਿਖਤੀ ਤੌਰ ’ਤੇ ਪੱਕੇ ਕੁਆਟਰਾਂ ਸਮੇਤ ਪਖਾਨੇ ਅਤੇ ਬਾਥਰੂਮ ਬਣਾ ਕੇ ਦੇਣ ਦੀ ਮੰਗ ਕੀਤੀ ਗਈ ਹੈ ਪਰ ਸਿਵਾਏ ਭਰੋਸੇ ਦੇ ਕੁਝ ਵੀ ਨਹੀਂ ਹੋਇਆ। ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਨੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਉਹ ਖੁਦ ਭੱਠਿਆਂ ਦਾ ਦੌਰਾ ਕਰਨ ਅਤੇ ਮਜ਼ਦੂਰਾਂ ਦੀ ਸਥਿਤੀ ਦੇਖਣ, ਪਰਖਣ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਉਣ।
