ਖਟਕੜ ਕਲਾਂ ਮੋਰਚਾ: ਸੂਬਾ ਸਰਕਾਰ ਨੂੰ ਲੋਕ ਭਲਾਈ ਦੀ ਸਹੁੰ ਪੂਰੀ ਕਰਨ ਦਾ ਹੋਕਾ
ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਬਣੇ ਅਜਾਇਬ ਘਰ ਦੇ ਬਾਹਰ ਬੈਠੇ ਧਰਨਾਕਾਰੀਆਂ ਨੇ ਮੰਗ ਕੀਤੀ ਕਿ ਪੱਕੇ ਰੁਜ਼ਗਾਰ ਲਈ ਭਗਵੰਤ ਮਾਨ ਹਰਾ ਪੈੱਨ ਚਲਾਵੇ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਦੇ ਪੰਜ ਸਾਲਾਂ ’ਚੋਂ ਵੱਡਾ ਹਿੱਸਾ ਬੀਤ ਜਾਣ ਬਾਅਦ ਵੀ ਬੇਰੁਜ਼ਗਾਰਾਂ ਨੂੰ ਭੱਤਾ ਦੇਣ ਲਈ ਹਾਲੇ ਪੂਣੀ ਵੀ ਨਾ ਉੱਤੇ ਜਾਣ ਦਾ ਸੱਚ ਸਾਹਮਣੇ ਰੱਖਿਆ ਹੈ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਲੱਖਾਂ ਅਸਾਮੀਆਂ ਖਾਲੀ ਪਈਆਂ ਹਨ, ਸਰਕਾਰੀ ਕੰਮ ਕਾਜ ਵੀ ਪ੍ਰਭਾਵਿਤ ਹੋ ਰਹੇ ਹਨ ਅਤੇ ਸਰਕਾਰੇ ਦਰਬਾਰੇ ਰਿਸ਼ਵਤ ਦਾ ਬੋਲਬਾਲਾ ਹੈ।
ਆਗੂਆਂ ਨੇ ਕਿਹਾ ਜਿਸ ਦਾਅਵੇ, ਵਾਅਦੇ ਨਾਲ ਸਰਕਾਰ ਹੋਂਦ ’ਚ ਆਈ ਸੀ, ਉਸ ਦਾ ਗਰਾਫ ਵੀ ਤੇਜ਼ੀ ਨਾਲ ਹੇਠਾਂ ਵੱਲ ਡਿੱਗਿਆ ਹੈ।
ਅੱਜ ਦੇ ਧਰਨੇ ਨੂੰ ਸਭਾ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਮੁਕੇਰੀਆਂ, ਸੂਬਾ ਮੀਤ ਪ੍ਰਧਾਨ ਸੁਲੱਖਣ ਤੁੜ, ਸੂਬਾ ਆਗੂ ਮੱਖਣ ਸੰਗਰਾਮੀ, ਪੀਐੱਸਐੱਫ ਦੇ ਸੂਬਾ ਆਗੂ ਰਵੀ ਲੋਹਗੜ੍ਹ, ਤਹਿਸੀਲ ਸਕੱਤਰ ਭਿੱਖੀਵਿੰਡ ਲਾਜਰ ਲਖਾਣਾ, ਖਡੂਰ ਸਾਹਿਬ ਤਹਿਸੀਲ ਦੇ ਪ੍ਰਧਾਨ ਬੌਬੀ ਗੋਇੰਦਵਾਲ, ਜ਼ਿਲ੍ਹਾ ਸਕੱਤਰ ਤਰਨ ਤਾਰਨ ਸੁਖਦੇਵ ਸਿੰਘ ਜਵੰਦਾ, ਕੈਪਟਨ ਸਿੰਘ ਕਾਹਲਵਾਂ, ਖੁਸ਼ਦੀਪ ਸਿੰਘ ਤੁੜ, ਹਰਦੇਵ ਸਿੰਘ ਜਲਾਲਾਬਾਦ ਨੇ ਸੰਬੋਧਨ ਕੀਤਾ।
ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਮਨਜੀਤ ਸਿੰਘ ਬੱਗੂ, ਜਗੀਰ ਸਿੰਘ ਗੰਡੀਵਿੰਡ, ਧਰਮਪਾਲ ਸਿੰਘ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਰੂਪ ਨਗਰ, ਮਨਰੇਗਾ ਵਰਕਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਸਕੱਤਰ ਬਲਦੇਵ ਸਿੰਘ ਪੰਡੋਰੀ, ਕਰਨਵੀਰ ਸਿੰਘ ਗੰਡੀਵਿੰਡ, ਮਾਸਟਰ ਸਰਬਜੀਤ ਸਿੰਘ ਭਰੋਵਾਲ, ਜਤਿੰਦਰ ਸਿੰਘ ਠੇਕੇਦਾਰ ਗੋਇੰਦਵਾਲ, ਬੂਟਾ ਸਿੰਘ ਮੁੰਡਾ ਪਿੰਡ ਨੇ ਇਸ ਧਰਨੇ ਦੀ ਹਮਾਇਤ ਕਰਨ ਵਾਲਿਆਂ ਵਿੱਚ ਸ਼ਾਮਲ ਹੋਏ।
ਧਰਨੇ ਉਪਰੰਤ ਸ਼ਹੀਦ ਭਗਤ ਸਿੰਘ ਦੇ ਬੁੱਤ ਵੱਲ ਮਾਰਚ ਕੀਤਾ ਗਿਆ, ਜਿਥੇ ਸ਼ਰਧਾ ਭੇਟ ਕਰਨ ਉਪਰੰਤ ਮੁੜ ਅਹਿਦ ਕੀਤਾ ਗਿਆ ਕਿ ਸੂਬਾ ਸਰਕਾਰ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ।