ਕਟਾਰੂਚੱਕ ਨੇ ਪੰਜ ਸਟੇਡੀਅਮਾਂ ਦੇ ਨੀਂਹ ਪੱਥਰ ਰੱਖੇ
ਵਿਧਾਨ ਸਭਾ ਹਲਕਾ ਭੋਆ ਦੇ ਪੰਜ ਪਿੰਡਾਂ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਖੇਡ ਸਟੇਡੀਅਮਾਂ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਨਰੇਸ਼ ਸੈਣੀ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ, ਪਵਨ ਕੁਮਾਰ ਫੌਜੀ ਸੰਗਠਨ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਉਰਮਿਲਾ ਦੇਵੀ ਸਰਪੰਚ ਪਿੰਡ ਕਟਾਰੂਚੱਕ, ਸੁਰਿੰਦਰ ਸ਼ਾਹ ਸਰਪੰਚ ਪਿੰਡ ਸਿਹੋੜਾ ਕਲਾਂ, ਮੰਗ ਲਾਲ ਸਰਪੰਚ ਪਿੰਡ ਰਾਏਪੁਰ, ਅਸ਼ਵਨੀ ਕੁਮਾਰ ਸਰਪੰਚ ਪਿੰਡ ਗੋਬਿੰਦਸਰ, ਅਸ਼ੋਕ ਕੁਮਾਰ ਸਰਪੰਚ ਪਿੰਡ ਚੱਕ ਧਾਰੀਵਾਲ, ਸਰਪੰਚ ਨਵਤੇਜ ਸਿੰਘ, ਕਰਨ ਸਿੰਘ ਸਰਪੰਚ ਡੇਰਾ ਬਾਬਾ ਬਸੰਤਪੁਰੀ ਆਦਿ ਹਾਜ਼ਰ ਸਨ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਅੱਜ ਪਿੰਡ ਕਟਾਰੂਚੱਕ, ਗੋਬਿੰਦਸਰ, ਸਿਹੋੜਾ ਕਲਾਂ, ਚੱਕ ਧਾਰੀਵਾਲ ਅਤੇ ਡੇਰਾ ਬਾਬਾ ਬਸੰਤਪੁਰੀ ਵਿੱਚ ਬਣਾਏ ਜਾਣ ਵਾਲੇ ਖੇਡ ਸਟੇਡੀਅਮਾਂ ਦੇ ਨੀਂਹ ਪੱਥਰ ਰੱਖੇ ਗਏ ਹਨ ਅਤੇ ਹਰੇਕ ਖੇਡ ਸਟੇਡੀਅਮ ਦੇ ਨਿਰਮਾਣ ਉਪਰ ਕਰੀਬ 30 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 10 ਕਰੋੜ ਰੁਪਏ ਦੀ ਲਾਗਤ ਦੇ ਨਾਲ ਵਿਧਾਨ ਸਭਾ ਹਲਕਾ ਭੋਆ ਦੇ 30 ਪਿੰਡਾਂ ਅੰਦਰ ਖੇਡ ਸਟੇਡੀਅਮ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟੇਡੀਅਮਾਂ ਦੇ ਨਿਰਮਾਣ ਕਾਰਜ ਜੰਗੀ ਪੱਧਰ ’ਤੇ ਕੀਤੇ ਜਾਣਗੇ ਅਤੇ ਜਲਦੀ ਹੀ ਇਹ ਮੁਕੰਮਲ ਕਰਕੇ ਪਿੰਡਾਂ ਦੇ ਸਪੁਰਦ ਕੀਤੇ ਜਾਣਗੇ।
