ਕਰਤਾਰਪੁਰ: ਦੋ ਮੁਹੱਲਿਆਂ ਦੇ 15 ਵਸਨੀਕਾਂ ਨੂੰ ਪੇਚਸ਼
ਸਰਕਾਰੀ ਹਸਪਤਾਲ ਕਰਤਾਰਪੁਰ ਵਿੱਚ ਸਥਾਨਕ ਦੋ ਮੁਹੱਲਿਆਂ ਵਿੱਚੋਂ 15 ਮਰੀਜ਼ ਪੇਚਸ਼ ਨਾਲ ਪੀੜਤ ਹੋਣ ਕਾਰਨ ਇਲਾਜ ਲਈ ਆਉਣ ਮਗਰੋਂ ਸਿਹਤ ਵਿਭਾਗ ਹਰਕਤ ’ਚ ਆ ਗਿਆ ਹੈ। ਵਿਧਾਇਕ ਬਲਕਾਰ ਸਿੰਘ ਨੇ ਹਸਪਤਾਲ ਵਿੱਚ ਜਾ ਕੇ ਮਰੀਜ਼ਾਂ ਦੀ ਸਿਹਤ ਸਬੰਧੀ ਜਾਣਕਾਰੀ ਲਈ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਰ ਸੰਭਵ ਤਰੀਕੇ ਨਾਲ ਇਲਾਜ ਕਰਨ ਲਈ ਕਿਹਾ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਨੇ ਹਸਪਤਾਲ ਦੇ ਸਟਾਫ਼ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਹਸਪਤਾਲ ਵਿੱਚ ਸਫਾਈ ਅਤੇ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਪੂਰਾ ਕੀਤਾ ਜਾਣਾ ਚਾਹੀਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਕਰਤਾਰਪੁਰ ਨੇ ਦੱਸਿਆ ਕਿ ਦੋ ਮੁਹੱਲੇ ਆਰੀਆ ਨਗਰ ਅਤੇ ਚੰਦਨ ਨਗਰ ਵਿੱਚੋਂ 15 ਮਰੀਜ਼ ਡਾਇਰੀਏ ਨਾਲ ਪੀੜਤ ਸਨ ਜੋ ਇਲਾਜ ਲਈ ਹਸਪਤਾਲ ਆਏ ਹਨ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਇਲਾਜ ਲਈ ਲੋੜੀਂਦੀਆਂ ਦਵਾਈਆਂ ਅਤੇ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਨਗਰ ਕੌਂਸਲ ਕਰਤਾਰਪੁਰ ਦੇ ਕਾਰਜ ਸਾਧਕ ਅਫ਼ਸਰ ਰਾਜੀਵ ਓਬਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਜਾ ਕੇ ਘਰਾਂ ਵਿੱਚ ਜਾਂਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੱਕ ਘਰ ਵਿੱਚ ਲੱਗਾ ਪਾਣੀ ਦਾ ਨਾਜਾਇਜ਼ ਕੁਨੈਕਸ਼ਨ ਲੀਕ ਕਰ ਰਿਹਾ ਸੀ ਜਿਸ ਕਾਰਨ ਲੋਕ ਬਿਮਾਰ ਹੋਏ ਹਨ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੂੰ ਨੋਟਿਸ ਜਾਰੀ ਕਰਕੇ ਕੁਨੈਕਸ਼ਨ ਠੀਕ ਕਰਨ ਅਤੇ ਤੁਰੰਤ ਕੁਨੈਕਸ਼ਨ ਰੈਗੂਲਰ ਕਲਾਉਣ ਲਈ ਹਦਾਇਤ ਜਾਰੀ ਕੀਤੀ ਗਈ ਹੈ।