ਕਬੱਡੀ: ਨਾਨਕਸਰ ਕਲੱਬ ਗੁਰਦਾਸਪੁਰ ਦੀ ਟੀਮ ਜੇਤੂ
ਨਜ਼ਦੀਕ ਪਿੰਡ ਕੁਹਾੜ ਵਿਖੇ ਸਮੂਹ ਨਗਰ ਵਾਸੀ ਸੰਗਤਾਂ ਅਤੇ ਗ੍ਰਾਮ ਪੰਚਾਇਤ ਵੱਲੋਂ ਐੱਨਆਰਆਈ ਵੀਰਾਂ ਸਹਿਯੋਗ ਨਾਲ ਸੰਤ ਹਜ਼ਾਰਾ ਸਿੰਘ ਦੀ ਯਾਦ ਨੂੰ ਸਮਰਪਿਤ 48ਵਾਂ ਸਾਲਾਨਾ ਕਬੱਡੀ ਕੱਪ ਅਤੇ ਧਾਰਮਿਕ ਸਮਾਗਮ ਕਰਵਾਇਆ। ਸਮਾਗਮ ’ਚ ਆਪ ਪਾਰਟੀ ਦੇ ਸੂਬਾ ਕਾਰਜਕਾਰਨੀ ਪ੍ਰਧਾਨ ਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਉਨ੍ਹਾਂ ਕਿਹਾ ਅਜਿਹੇ ਸਮਾਗਮ ਅਤੇ ਖੇਡ ਮੇਲੇ ਆਪਸੀ ਭਾਈਚਾਰਕ ਸਾਂਝ ਦੇ ਪ੍ਰਤੀਕ ਹੁੰਦੇ ਹਨ। ਸ਼ਾਮ ਨੂੰ ਹੋਏ ਮੈਚ ਵਿੱਚ ਮਨੀਲਾ ਟੀਮ ਨੇ ਜਰਮਨ ਟੀਮ ਨੂੰ ਚਾਰ ਅੰਕਾਂ ਨਾਲ ਹਰਾਇਆ। ਲੜਕੀਆਂ ਦੇ ਫਸਵੇਂ ਕਬੱਡੀ ਸ਼ੋਅ ਮੈਚ ਵਿੱਚ ਮਾਲਵਾ ਕਬੱਡੀ ਕਲੱਬ ਜਗਰਾਓਂ ਦੀ ਟੀਮ ਨੇ ਮਾਝਾ ਕਬੱਡੀ ਕਲੱਬ ਗੁਰਦਾਸਪੁਰ ਨੂੰ ਡੇਢ ਅੰਕਾਂ ਨਾਲ ਹਰਾਇਆ। ਕਬੱਡੀ ਸ਼ੋਅ ਮੈਚ (ਲੜਕੇ) ਵਿੱਚ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਦੀ ਟੀਮ ਨੇ ਬਾਬਾ ਬਿਧੀ ਚੰਦ ਕਬੱਡੀ ਕਲੱਬ ਫਰੰਦੀਪੁਰ ਨੂੰ ਹਰਾਇਆ। ਕਮੈਂਟੇਟਰ ਦੀ ਭੂਮਿਕਾ ਪ੍ਰਕਾਸ਼ ਸਿੰਘ ਠੱਕਰਸੰਧੂ ਤੇ ਮਨਜੀਤ ਸਿੰਘ ਬੁੱਲਟ ਨੇ ਨਿਭਾਈ। ਇਨਾਮ ਵੰਡ ਸਮਾਗਮ ’ਚ ਮੁੱਖ ਮਹਿਮਾਨ ਸਬ ਇੰਸਪੈਕਟਰ ਰਜਵੰਤ ਕੌਰ ਮੁਖੀ ਥਾਣਾ ਸੇਖਵਾਂ ਅਤੇ ਮੇਲਾ ਪ੍ਰਬੰਧਕਾਂ ਨੇ ਜੇਤੂਆਂ ਦਾ ਸਨਮਾਨ ਕੀਤਾ।