ਜੰਡਿਆਲਾ ਗੁਰੂ: ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ’ਚ ਲਏ ਗਏ ਅਹਿਮ ਫੈਸਲੇ
ਸਥਾਨਕ ਦਾਣਾ ਮੰਡੀ ਵਿੱਚ ਆੜ੍ਹਤੀ ਐਸੋਸੀਏਸ਼ਨ ਦੀ ਮਹੱਤਵਪੂਰਨ ਮੀਟਿੰਗ ਪ੍ਰਧਾਨ ਸੁਨੀਲ ਪਾਸੀ ਦੀ ਆਗਵਾਈ ਹੇਠ ਹੋਈ। ਜਿਸ ਵਿੱਚ ਸਮੂਹ ਆੜ੍ਹਤੀ ਐਸੋਸੀਏਸ਼ਨ ਵੱਲੋਂ ਪੰਜਾਬ ਵਿੱਚ ਹੜ੍ਹਾਂ ਨਾਲ ਹੋਈ ਤਬਾਹੀ ਉੱਪਰ ਦੁੱਖ ਪ੍ਰਗਟ ਕੀਤਾ ਅਤੇ ਆਉਣ ਵਾਲੇ ਝੋਨੇ ਦੇ ਸੀਜ਼ਨ ਸਬੰਧੀ ਮਹੱਤਵਪੂਰਨ ਫੈਸਲੇ ਕੀਤੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਨੀਲ ਪਾਸੀ ਨੇ ਦੱਸਿਆ ਮੀਟਿੰਗ ਸ਼ੁਰੂ ਹੋਣ ਮੌਕੇ ਸਭ ਤੋਂ ਪਹਿਲਾਂ ਹੜ੍ਹਾਂ ਨਾਲ ਪੰਜਾਬ ਵਿੱਚ ਹੋਈ ਤਬਾਹੀ ਉੱਤੇ ਸਮੂਹ ਆੜ੍ਹਤੀ ਐਸੋਸੀਏਸ਼ਨ ਵੱਲੋਂ ਦੁੱਖ ਪ੍ਰਗਟਾਇਆ ਗਿਆ ਅਤੇ ਅਰਦਾਸ ਕਰਕੇ ਵਾਹਿਗੁਰੂ ਜੀ ਅੱਗੇ ਬੇਨਤੀ ਕੀਤੀ ਗਈ ਕਿ ਪਰਮਾਤਮਾ ਪੰਜਾਬ ਵਾਸੀਆਂ ਉੱਪਰ ਮਿਹਰ ਭਰਿਆ ਹੱਥ ਰੱਖਣ ਅਤੇ ਉਨ੍ਹਾਂ ਪਰਿਵਾਰਾਂ ਨੂੰ ਅਤੇ ਸਮੂਹ ਪੰਜਾਬ ਦੇ ਕਿਸਾਨ ਵੀਰਾਂ ਅਤੇ ਆੜ੍ਹਤੀ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖਣ।
ਉਨ੍ਹਾਂ ਕਿਹਾ ਮੀਟਿੰਗ ਵਿੱਚ ਝੋਨੇ ਦੇ ਸੀਜ਼ਨ ਦੌਰਾਨ ਮੰਡੀ ਵਿੱਚ ਝੋਨੇ ਦੀਆਂ ਟਰਾਲੀਆਂ ਲਿਆਉਣ ਦਾ ਸਮਾਂ ਸਵੇਰੇ 4 ਵਜੇ ਤੋਂ ਲੈ ਕੇ 11 ਵਜੇ ਤੱਕ ਤੈਅ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਖਰੀਦਦਾਰਾਂ ਨੂੰ ਪੁਰਾਣੀਆਂ ਅਦਾਇਗੀਆਂ ਅਤੇ ਵਿਆਜ ਸਮੇਂ ਸਿਰ ਦੇਣ ਬਾਰੇ ਕਿਹਾ ਗਿਆ ਹੈ।
ਪ੍ਰਧਾਨ ਨੇ ਕਿਹਾ ਖਰੀਦਦਾਰਾਂ ਨੂੰ ਸਖ਼ਤ ਹਿਦਾਇਤ ਕੀਤੀ ਗਈ ਹੈ ਕਿ ਨਵੇਂ ਝੋਨੇ ਦੀਆਂ ਪੇਮੈਂਟਾਂ ਨਾਲ ਦੀ ਨਾਲ ਕੀਤੀਆਂ ਜਾਣ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਮੰਡੀ ਵਿੱਚ ਆੜਤੀਆਂ ਦੇ ਸਹਿਯੋਗ ਨਾਲ ਸਾਰੀ ਮੰਡੀ ਵਿੱਚ ਕੈਮਰੇ ਲਾਏ ਜਾ ਰਹੇ ਹਨ ਤਾਂ ਜੋ ਚੋਰੀਆਂ ’ਤੇ ਨੱਥ ਪਾਈ ਜਾ ਸਕੇ।