ਦਲਿਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਜਾਗ੍ਰਿਤੀ ਮੰਚ ਅੱਗੇ ਆਇਆ
ਵਫ਼ਦ ਡੀ ਐੱਸ ਪੀ ਨੂੰ ਮਿਲਿਆ
Advertisement
ਇਸਤਰੀ ਜਾਗ੍ਰਿਤੀ ਮੰਚ (ਪੰਜਾਬ) ਜ਼ਿਲ੍ਹਾ ਜਲੰਧਰ ਦੇ ਵਫਦ ਨੇ ਡੀ ਐੱਸ ਪੀ ਸ਼ਾਹਕੋਟ ਨੂੰ ਮਿਲ ਕੇ ਪਿੰਡ ਉਧੋਵਾਲ ਦੀ ਦਲਿਤ ਲੜਕੀ ਦੇ ਮਾਪਿਆਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ। ਮੰਚ ਦੀ ਜ਼ਿਲ੍ਹਾ ਜਲੰਧਰ ਦੀ ਪ੍ਰਧਾਨ ਅਨੀਤਾ ਸੰਧੂ ਨੇ ਦੱਸਿਆ ਕਿ ਦਲਿਤ ਲੜਕੀ ਹਿਨਾ ਦਾ ਉੱਚ ਜਾਤੀ ਦੇ ਲੜਕੇ ਨਾਲ ਵਿਆਹ ਹੋਇਆ ਸੀ। ਵਿਆਹ ਸਮੇਂ ਤੋਂ ਹੀ ਸਹੁਰਾ ਪਰਿਵਾਰ ਉਸ ਨਾਲ ਕਥਿਤ ਮਾੜਾ ਸਲੂਕ ਕਰਦਾ ਸੀ। ਹਿਨਾ ਦੀ ਮੌਤ ਅਤੇ ਚੋਰੀ ਕੀਤੇ ਸਸਕਾਰ ਦੀ ਖਬਰ ਵੀ ਉਸ ਦੇ ਮਾਪਿਆਂ ਨੂੰ ਫੋਨ ਰਾਹੀਂ ਹੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਹਿਨਾ ਦੀ ਮੌਤ ਹੋ ਜਾਣ ’ਤੇ ਉਸਦੇ ਸਹੁਰਾ ਪਰਿਵਾਰ ਨੇ ਮ੍ਰਿਤਕਾ ਦੇ ਮਾਪਿਆਂ ਨੂੰ ਸੂਚਿਤ ਕੀਤੇ ਬਗੈਰ ਹੀ ਸਸਕਾਰ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ। ਮਾਪਿਆਂ ਨੂੰ ਆਪਣੀ ਧੀ ਦੀ ਮੌਤ ਦੀ ਸੂਚਨਾ ਮਿਲਣ ’ਤੇ ਉਸ ਦੇ ਪਿਓ ਨੇ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ 12 ਨਵੰਬਰ ਨੂੰ ਮ੍ਰਿਤਕਾ ਦੇ ਸਹੁਰਾ ਪਰਿਵਾਰ ਖਿਲਾਫ ਐੱਸ ਐੱਚ ਓ ਸ਼ਾਹਕੋਟ ਨੂੰ ਲਿਖਤੀ ਦਰਖਾਸਤ ਦੇ ਕੇ ਮਾਮਲੇ ਦੀ ਜਾਂਚ ਕਰਕੇ ਇਨਸਾਫ ਦੇਣ ਦੀ ਮੰਗ ਕੀਤੀ ਸੀ। ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਜਦੋਂ ਥਾਣਾ ਸ਼ਾਹਕੋਟ ਦੀ ਪੁਲੀਸ ਨੇ ਪੀੜਤ ਪਰਿਵਾਰ ਦੀ ਬਾਂਹ ਨਾ ਫੜੀ ਤਾਂ ਫਿਰ ਅੱਜ ਉਨ੍ਹਾਂ ਨੂੰ ਇਨਸਾਫ ਦੀ ਫਰਿਆਦ ਕਰਨ ਲਈ ਡੀ ਐੱਸ ਪੀ ਸ਼ਾਹਕੋਟ ਤੱਕ ਪਹੁੰਚ ਕਰਨੀ ਪਈ। ਡੀ ਐੱਸ ਪੀ ਉਂਕਾਰ ਸਿੰਘ ਬਰਾੜ ਨੇ ਵਫਦ ਦੀ ਗੱਲ ਸੁਣ ਕੇ ਥਾਣਾ ਮੁਖੀ ਨੂੰ ਇਸ ਉੱਪਰ ਕਾਰਵਾਈ ਕਰਨ ਦੀ ਹਦਾਇਤ ਕੀਤੀ। ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ ਨੇ ਕਿਹਾ ਕਿ ਡੀ ਐੱਸ ਪੀ ਨੂੰ ਮਿਲਣ ਮਗਰੋਂ ਜਦੋਂ ਉਹ ਦੁਬਾਰਾ ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ ਨੂੰ ਮਿਲੀਆਂ ਤਾਂ ਉਹ ਮੰਚ ਦਾ ਨਾਂ ਸੁਣ ਕੇ ਕਹਿਣ ਲੱਗੇ,‘ਤੁਹਾਡਾ ਮੰਚ ਕੀ ਕਰ ਲਊਗਾ।’ ਉਨ੍ਹਾਂ ਥਾਣਾ ਮੁਖੀ ਦੇ ਮਾੜੇ ਵਤੀਰੇ ਦੀ ਨਿਖੇਧੀ ਕਰਦਿਆ ਪੁਲੀਸ ਦੇ ਉੱਚ ਅਧਿਕਾਰੀਆਂ ਕੋਲੋ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ।
Advertisement
Advertisement
